ਸਤਲੁਜ ਅਤੇ ਘੱਗਰ ਵਿੱਚ ਪਾਣੀ ਵਧਣ ਕਰਕੇ ਮਾਲਵਾ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਰੁਕ ਰੁਕ ਕੇ ਪੈ ਰਹੇ ਮੀਹ ਕਰਕੇ ਹੜ੍ਹਾਂ ਦੇ ਹਾਲਾਤ ਹੋਰ ਗੰਭੀਰ ਬਣਦੇ ਜਾ ਰਹੇ ਹਨ। ਸੂਬੇ ਵਿੱਚ ਪਹਿਲਾਂ ਰਾਵੀ ਅਤੇ ਬਿਆਸ ਦਰਿਆ ਨੇ 8 ਜ਼ਿਲ੍ਹਿਆਂ ਵਿੱਚ ਤਬਾਹੀ ਮਚਾਈ ਹੋਈ ਸੀ, ਪਰ ਹੁਣ ਸਤਲੁਜ ਅਤੇ ਘੱਗਰ ਵਿੱਚ ਵੀ ਪਾਣੀ ਵਧਣ ਕਰਕੇ ਕੁੱਲ 12 ਜ਼ਿਲ੍ਹੇ ਹੜਾਂ ਦੀ ਮਾਰ ਹੇਠ ਆ ਚੁੱਕੇ ਹਨ। ਘੱਗਰ ਅਤੇ ਸਤਲੁਜ ਵਿੱਚ ਪਾਣੀ ਵਧਣ ਕਰਕੇ ਮਾਲਵਾ ਖਿੱਤੇ ਦੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘੱਗਰ ਤੇ ਸਤਲੁਜ ਸਣੇ ਹੋਰ ਨਦੀਆਂ ਨਾਲਿਆਂ ਨੇੜੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।
ਉਧਰ ਪੰਜਾਬ ਵਿੱਚ ਪਿਛਲੇ 48 ਘੰਟਿਆਂ ਤੋਂ ਪੈ ਰਹੇ ਮੀਂਹ ਕਰਕੇ ਵੀ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਪੰਜਾਬ ਵਿੱਚ ਲੰਘੀ ਰਾਤ ਵੀ ਜ਼ਿਆਦਾਤਰ ਸ਼ਹਿਰਾਂ ਵਿੱਚ ਭਾਰੀ ਮੀਂਹ ਪਿਆ ਹੈ ਜੋ ਕਿ ਸਾਰੀ ਰਾਤ ਪੈਂਦਾ ਰਿਹਾ ਹੈ। ਉਧਰ ਮੌਸਮ ਵਿਭਾਗ ਨੇ ਵੀ ਮੱਧ ਪੰਜਾਬ ਦੇ ਸ਼ਹਿਰ ਪਠਾਨਕੋਟ, ਗੁਰਦਾਸਪੁਰ, ਮੁਕੇਰੀਆਂ, ਜਲੰਧਰ, ਸੁਲਤਾਨਪੁਰ ਲੋਧੀ, ਲੁਧਿਆਣਾ, ਮੋਗਾ, ਬਰਨਾਲਾ, ਸੰਗਰੂਰ ਅਤੇ ਮਾਨਸਾ ਦੇ ਕੁਝ ਇਲਾਕਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਲਈ ‘ਰੈੱਡ ਅਲਰਟ’ ਜਾਰੀ ਕਰ ਦਿੱਤਾ ਹੈ।