ਅੰਬੇਡਕਰ ਮਹਾਂ ਸਭਾ ਨੇ ਰਾਜਾ ਵੜਿੰਗ ਦਾ ਪੁਤਲਾ ਫੂਕਿਆ
ਸਾਬਕਾ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਸਬੰਧੀ ਵਰਤੀ ਗਈ ਸ਼ਬਦਾਵਲੀ ਤੋਂ ਵਿਵਾਦਾਂ ਵਿਚ ਘਿਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਰਾਜਾ ਵੜਿੰਗ ਦਾ ਅੱਜ ਬਨੂੜ ਬੈਰੀਅਰ ’ਤੇ ਅੰਬੇਡਕਰ ਮਹਾਂ ਸਭਾ ਨੇ ਪੁਤਲਾ ਫੂਕਿਆ। ਇਸ ਮੌਕੇ ਉਨ੍ਹਾਂ ਰਾਜਾ ਵੜਿੰਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਕਾਂਗਰਸ ਹਾਈਕਮਾਂਡ ਤੋਂ ਉਨ੍ਹਾਂ ਨੂੰ ਪੰਜਾਬ ਪਾਰਟੀ ਦੀ ਪ੍ਰਧਾਨਗੀ ਤੋਂ ਫੌਰੀ ਬਰਖ਼ਾਸਤ ਕਰਨ ਦੀ ਮੰਗ ਕੀਤੀ।
ਸਭਾ ਦੇ ਆਗੂਆਂ ਜਗਤਾਰ ਸਿੰਘ ਜੱਗੀ, ਸਤਪਾਲ ਸਿੰਘ ਰਾਜੋਮਾਜਰਾ, ਸਾਬਕਾ ਕੌਂਸਲਰ ਗੁਰਮੇਲ ਸਿੰਘ ਫੌਜੀ ਆਦਿ ਨੇ ਦੋਸ਼ ਲਾਇਆ ਕਿ ਰਾਜ ਵੜਿੰਗ ਦੀ ਭਾਸ਼ਾ ਵਿਚੋਂ ਹੰਕਾਰ ਦੀ ਬੋਅ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਦਲਿਤਾਂ ਪ੍ਰਤੀ ਈਰਖਾ ਨੂੰ ਉਜਾਗਰ ਕੀਤਾ ਹੈ, ਉਸ ਤੋਂ ਮਾਨਸਿਕਤਾ ਦਾ ਪਤਾ ਚੱਲਦਾ ਹੈ। ਉਨ੍ਹਾਂ ਕਾਂਗਰਸ ਤੋਂ ਮੰਗ ਕੀਤੀ ਕਿ ਦਲਿਤ ਵਰਗ ਅੰਦਰ ਰਾਜਾ ਵੜਿੰਗ ਖ਼ਿਲਾਫ਼ ਸਖ਼ਤ ਰੋਸ ਹੈ। ਇਸ ਮੌਕੇ ਰਾਜਿੰਦਰ ਕੁਮਾਰ ਬਨੂੜ, ਬਹਾਦਰ ਸਿੰਘ ਮੁਠਿਆੜਾਂ, ਰੂਪ ਚੰਦ ਘਈ, ਦਰਸ਼ਨ ਸਿੰਘ ਨੰਡਿਆਲੀ ਆਦਿ ਹਾਜ਼ਰ ਸਨ।
ਰਾਜਾ ਵੜਿੰਗ ਦੇ ਬਿਆਨ ਦੀ ਆਲੋਚਨਾ
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਡਾ. ਬੀ ਆਰ ਅੰਬੇਡਕਰ ਮਜ਼ਦੂਰ ਏਕਤਾ ਯੂਨੀਅਨ ਪੰਜਾਬ ਦੇ ਪ੍ਰਧਾਨ ਤੇ ਸੰਯੁਕਤ ਦਲਿਤ ਮੋਰਚਾ ਪੰਜਾਬ ਦੇ ਕੋਰ ਕਮੇਟੀ ਮੈਂਬਰ ਲਖਵੀਰ ਸਿੰਘ ਰੁਪਾਲ ਹੇੜੀ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਰਹੂਮ ਕੇਂਦਰੀ ਮੰਤਰੀ ਬੂਟਾ ਸਿੰਘ ਖ਼ਿਲਾਫ਼ ਕੀਤੀ ਟਿੱਪਣੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਮਰਹੂਮ ਨੇਤਾ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਜੇਕਰ ਬੂਟਾ ਸਿੰਘ ਨੂੰ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਤਾਂ ਉਹ ਆਪਣੀ ਯੋਗਤਾ ਅਤੇ ਕਾਬਲੀਅਤ ਦੇ ਆਧਾਰ ’ਤੇ ਬਣੇ ਸਨ। ਉਨ੍ਹਾਂ ਮੰਗ ਕੀਤੀ ਕਿ ਰਾਜਾ ਵੜਿੰਗ ਖ਼ਿਲਾਫ਼ ਕਪੂਰਥਲਾ ਥਾਣੇ ਵਿੱਚ ਦਰਜ ਮੁਕੱਦਮੇ ਵਿੱਚ ਹੋਰ ਲੋੜੀਂਦੀਆਂ ਧਾਰਾਵਾਂ ਦਾ ਵਾਧਾ ਕਰਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
