ਵਿਸ਼ੇਸ਼ ਵਿਸ਼ਵ ਕੱਪ ’ਚ ਭਾਰਤ ਦੀ ਨੁਮਾਇੰਦਗੀ ਕਰੇਗਾ ਅਮਰਜੀਤ
ਮੰਦਬੁੱਧੀ, ਲਾਵਾਰਿਸ ਤੇ ਅਪਾਹਜ ਵਿਅਕਤੀਆਂ ਦੀ ਸੇਵਾ ਸੰਭਾਲ ਕਰ ਰਹੀ ਇੱਥੋਂ ਦੀ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਦੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀ ਅਮਰਜੀਤ ਸਿੰਘ ਨੂੰ ਸਪੈਸ਼ਲ ਓਲੰਪਿਕ ਯੂਨੀਫਾਈਡ ਬਾਸਕਟਬਾਲ ਵਰਲਡ ਕੱਪ ਲਈ ਦੇਸ਼ ਦੀ ਕੌਮੀ ਟੀਮ ਵਿੱਚ ਚੁਣਿਆ ਗਿਆ ਹੈ। ਸੰਸਥਾ ਮੁਖੀ ਰਾਜਿੰਦਰ ਕੌਰ ਨੇ ਦੱਸਿਆ ਕਿ ਇਹ ਵਿਸ਼ਵ ਕੱਪ ਅਮਰੀਕਾ ਅਧੀਨ ਆਉਂਦੇ ਟਾਪੂ ਪੁਇਰਟੋ ਰੀਕੋ ਵਿੱਚ 3 ਤੋਂ 8 ਦਸੰਬਰ ਤੱਕ ਕਰਵਾਇਆ ਜਾਵੇਗਾ। ਉਹ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਵੱਲੋਂ ਖੇਡੇਗਾ। ਅਮਰਜੀਤ ਸਿੰਘ ਨੇ ਕੌਮੀ ਪੱਧਰ ’ਤੇ ਵਧੀਆ ਪ੍ਰਦਰਸ਼ਨ ਕਰਦਿਆਂ ਨੌਂ ਮਹੀਨਿਆਂ ਦੀ ਅਣਥੱਕ ਮਿਹਨਤ ਮਗਰੋਂ ਦੇਸ਼ ਦੀ ਟੀਮ ਵਿੱਚ ਥਾਂ ਪੱਕੀ ਕੀਤੀ ਹੈ। ਇਸੇ ਦੌਰਾਨ ਸ੍ਰੀ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਬੀਬੀ ਰਾਜਿੰਦਰ ਕੌਰ ਨੇ ਅਮਰਜੀਤ ਨੂੰ ਖਿਡਾਰੀ ਵਜੋਂ ਤਰਾਸ਼ਣ ਲਈ ਮੁੱਖ ਕੋਚ ਦੀ ਜ਼ਿੰਮੇਵਾਰੀ ਖੁਦ ਸਾਂਭੀ ਹੋਈ ਸੀ। ਅਮਰਜੀਤ ਵੱਲੋਂ ਦੇਸ਼ ਦੀ ਨੁਮਾਇੰਦਗੀ ਕਰਨਾ ‘ਪ੍ਰਭ ਆਸਰਾ’ ਸੰਸਥਾ ਲਈ ਮਾਣ ਵਾਲੀ ਗੱਲ ਹੈ। ਜ਼ਿਕਰਯੋਗ ਹੈ ਕਿ ਪ੍ਰਭ ਆਸਰਾ ਵੱਲੋਂ ਮੁੜ-ਵਸੇਬੇ ਲਈ ਕੀਤੇ ਜਾਂਦੇ ਯਤਨਾਂ ਤਹਿਤ ਖੇਡਾਂ ਨੂੰ ਵੀ ਤਰਜੀਹ ਦਿੱਤੀ ਜਾਂਦੀ ਹੈ।
