ਅਮਨ ਅਰੋੜਾ ਵੱਲੋਂ ਅਤਿ-ਆਧੁਨਿਕ ਹੋਸਟਲ ਦਾ ਉਦਘਾਟਨ
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਅੱਜ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼, ਮੁਹਾਲੀ ਵਿਖੇ ਐਨਡੀਏ ਪ੍ਰੈਪਰੇਟਰੀ ਵਿੰਗ ਲਈ ਇੱਕ ਸਮਰਪਿਤ ਰਿਹਾਇਸ਼ੀ ਬਲਾਕ ਦਾ ਉਦਘਾਟਨ ਕੀਤਾ ਹੈ। ਇਸ ਹੋਸਟਲ ਦਾ ਨਾਮ ਭਾਰਤੀ ਫ਼ੌਜ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾਹ ਦੇ ਨਾਂ ਉੱਤੇ ਰੱਖਿਆ ਗਿਆ ਹੈ, ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ। ਅਮਨ ਅਰੋੜਾ ਨੇ ਕਿਹਾ ਕਿ 2.46 ਕਰੋੜ ਰੁਪਏ ਨਾਲ ਤਿਆਰ ਕੀਤਾ ਇਹ ਅਤਿ-ਆਧੁਨਿਕ ਹੋਸਟਲ ਇੱਕ ਵਿਆਪਕ ਰਿਹਾਇਸ਼ੀ ਅਤੇ ਸਿਖਲਾਈ ਸਹੂਲਤਾਂ ਨਾਲ ਲੈਸ ਹੈ ਜਿਸ ਵਿੱਚ ਸਾਈਬਰ ਲੈਬ, ਇਨਡੋਰ ਸ਼ੂਟਿੰਗ ਰੇਂਜ ਅਤੇ ਉੱਚ ਪੱਧਰੀ ਫਿਟਨੈਸ ਸਹੂਲਤਾਂ ਸ਼ਾਮਲ ਹਨ, ਜੋ ਐੱਨ ਡੀ ਏ ਲਈ ਤਿਆਰੀ ਕਰ ਰਹੀਆਂ ਤਕਰਬੀਨ 40 ਮਹਿਲਾ ਕੈਡਿਟਾਂ ਲਈ ਇੱਕ ਢੁੱਕਵਾਂ ਮਾਹੌਲ ਪ੍ਰਦਾਨ ਕਰੇਗਾ।
ਉਨ੍ਹਾਂ ਐੱਨ ਡੀ ਏ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੀਆਂ ਕੈਡਿਟਾਂ ਦਾ ਸਨਮਾਨ ਕੀਤਾ, ਜਿਨ੍ਹਾਂ ਦੇ ਨਾਮ ਕਮਿਸ਼ਨ ਵਾਸਤੇ ਸਿਫ਼ਾਰਸ਼ ਕੀਤੇ ਗਏ ਹਨ। ਕੈਡੇਟ ਸਹਿਜਲਦੀਪ ਕੌਰ ਨੇ ਐੱਸ ਐੱਸ ਬੀ ਇੰਟਰਵਿਊ ਵਿੱਚ ਪੂਰੇ ਭਾਰਤ ’ਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
ਇਸ ਮੌਕੇ ਰੁਜ਼ਗਾਰ ਉਤਪਤੀ ਵਿਭਾਗ ਦੇ ਪ੍ਰਮੁੱਖ ਸਕੱਤਰ ਅਲਕਨੰਦਾ ਦਿਆਲ, ਡਾਇਰੈਕਟਰ ਅੰਮ੍ਰਿਤ ਸਿੰਘ, ਡਾਇਰੈਕਟਰ ਮਾਈ ਭਾਗੋ ਏ ਐੱਫ ਪੀ ਆਈ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ ਵੀ ਐੱਸ ਐੱਮ (ਸੇਵਾਮੁਕਤ) ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
