ਸ਼ਤਾਬਦੀਆਂ ਮਨਾਉਣ ਲਈ ਸਮੁੱਚੀਆਂ ਧਿਰਾਂ ਇਕਜੁੱਟ ਹੋਣ: ਬਾਬਾ ਬਲਬੀਰ ਸਿੰਘ
ਬੀ ਐੱਸ ਚਾਨਾ
ਸ੍ਰੀ ਆਨੰਦਪੁਰ ਸਾਹਿਬ, 7 ਜੁਲਾਈ
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੀਰਤਪੁਰ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਮਾਰਚ ਕੱਢਿਆ ਜਾਵੇਗਾ ਤੇ ਇਹਨਾਂ ਪ੍ਰੋਗਰਾਮਾਂ ਸਬੰਧੀ ਨਿਹੰਗ ਸਿੰਘ ਫੌਜਾਂ ਵੱਲੋਂ ਵਿਉਂਤਬੰਦੀ ਹੋ ਰਹੀ ਹੈ। ਇਹ ਜਾਣਤਕਾਰੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਰਚ ਸਿੱਖੀ ਜ਼ਜਬੇ ਦਾ ਪ੍ਰਗਟਾਅ ਕਰਦਾ ਵਿਸ਼ੇਸ਼ ਤੌਰ ’ਤੇ ਇਤਿਹਾਸਕ ਦਿੱਖ ਪ੍ਰਗਟ ਕਰੇਗਾ ਇਸ ਵਿੱਚ ਹਾਥੀ, ਘੋੜੇ, ਊਠ, ਪਾਲਕੀ ਸਾਹਿਬ ਵਾਲੇ ਸੁੰਦਰਵਾਹਨ, ਬੱਗੀਆਂ, ਗੱਡੇ, ਰੇਹੜੇ ਵਿਸ਼ੇਸ਼ ਖਿੱਚ ਦਾ ਕੇਂਦਰ ਬਿੰਦੂ ਬਣਨਗੇ। ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਅੱਜ ਦੇ ਮੌਜੂਦਾ ਸਮੇਂ ਵਿੱਚ ਪੰਥਕ ਏਕਤਾ ਅਤੇ ਮਜ਼ਬੂਤ ਸਿੱਖ ਸ਼ਕਤੀ ਦੀ ਸਖ਼ਤ ਲੋੜ ਹੈ। ਉਨ੍ਹਾਂ ਕਿਹਾ ਸਮੁੱਚੀ ਸਿੱਖ ਕੌਮ ਨੂੰ ਬੁੱਢਾ ਦਲ ਦੇ ਉਨ੍ਹਾਂ ਮੁਖੀਆਂ ਦੇ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਕੌਮ ਨੂੰ ਯੋਗ ਅਗਵਾਈ ਦਿੱਤੀ। ਉਨ੍ਹਾਂ ਕਿਹਾ ਕਿ ਤਖ਼ਤਾਂ ’ਤੇ ਮਰਿਆਦਾ ਦਾ ਉਲੰਘਣ ਨਹੀਂ ਹੋਣਾ ਚਾਹੀਦਾ। ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਕਿ ਸ਼ਤਾਬਦੀਆਂ ਮਨਾਉਣ ਲਈ ਸਮੁੱਚੀਆਂ ਧਿਰਾਂ ਇਕਜੁੱਟ ਹੋਣ ਤੇ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਪਹਿਰਾ ਦੇਣ।