ਮੁਹਾਲੀ ’ਚ ਸਫ਼ਾਈ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਵਰ੍ਹੇ ਅਕਾਲੀ
ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ ਨੇ ਦੋਸ਼ ਲਾਇਆ ਕਿ ਗਮਾਡਾ ਵੱਲੋਂ ਸੋਹਾਣਾ ਦੀ 10 ਏਕੜ ਜ਼ਮੀਨ ਡੰਪਿੰਗ ਗਰਾਊਂਡ ਲਈ ਐਕੁਆਇਰ ਕੀਤੀ ਗਈ ਸੀ, ਪਰ ਹੁਣ ਸਰਕਾਰ ਦੇ ਦਬਾਅ ਕਾਰਨ ਨਗਰ ਨਿਗਮ ਵੱਲੋਂ ਇਸ ਦੇ ਆਲੇ-ਦੁਆਲੇ ਦੀ ਥਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪਿੰਡ ਵਾਸੀ ਆਪਣੀ ਜ਼ਮੀਨ ਨਹੀਂ ਦੱਬਣ ਦੇਣਗੇ।
ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੇ ਪਾਰਕਾਂ ਵਿੱਚ ਗੋਡੇ-ਗੋਡੇ ਘਾਹ ਖੜ੍ਹਿਆ ਹੈ ਤੇ ਇਨ੍ਹਾਂ ਦੀ ਸਫ਼ਾਈ ਦੇ ਟੈਂਡਰ ਪੂਰੇ ਹੋ ਚੁੱਕੇ ਹਨ। ਸੜਕਾਂ ਅਤੇ ਸਫ਼ਾਈ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦੀ ਭਰਮਾਰ ਹੈ, ਪੀਣ ਵਾਲੇ ਪਾਣੀ ਦੀ ਘਾਟ ਹੈ ਜਦਕਿ ਸੀਵਰੇਜ ਸਿਸਟਮ ਥਾਂ-ਥਾਂ ਤੋਂ ਜਾਮ ਪਿਆ ਹੈ। ਉਨ੍ਹਾਂ ਕਿਹਾ ਕਿ ਆਰਐੱਮਸੀ ਕੂੜੇ ਨਾਲ ਭਰੇ ਹੋਏ ਹਨ ਪਰ ਨਗਰ ਨਿਗਮ ਅਤੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੇ। ਉਨ੍ਹਾਂ ਨਿਗਮ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਵੀ ਲਾਇਆ।
ਨਿਗਮ ਦੇ ਕਮਿਸ਼ਨਰ ਪਰਮਿੰਦਰਪਾਲ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਹਾਸਲ ਕੀਤਾ ਅਤੇ ਭਰੋਸਾ ਦਿਵਾਇਆ ਕਿ ਸੋਹਾਣਾ ਦੀ ਕਿਸੇ ਫ਼ਾਲਤੂ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਬਾਕੀ ਮਸਲੇ ਹੱਲ ਕਰਨ ਦਾ ਵੀ ਭਰੋਸਾ ਦਿੱਤਾ।
ਧਰਨੇ ਨੂੰ ਪਾਰਟੀ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ, ਕਮਲਜੀਤ ਸਿੰਘ ਰੂਬੀ, ਰਮਨਦੀਪ ਸਿੰਘ ਬਾਵਾ, ਐਮਸੀ ਨਿਰਮਲ ਕੌਰ ਢਿੱਲੋਂ ਤੇ ਹਰਜਿੰਦਰ ਕੌਰ ਬੈਦਵਾਣ ਅਤੇ ਨੰਬਰਦਾਰ ਹਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਸ਼ਿੰਦੀ, ਸੁੰਦਰ ਲਾਲ ਅਗਰਵਾਲ, ਜਸਵੀਰ ਸਿੰਘ ਜੱਸਾ, ਕਰਮ ਸਿੰਘ ਬਾਬਰਾ, ਮਨਜੀਤ ਸਿੰਘ ਮਾਨ, ਮਨਮੋਹਨ ਕੌਰ, ਰਮਨ ਅਰੋੜਾ, ਕਰਮਜੀਤ ਸਿੰਘ ਮੌਲੀ, ਹਰਿੰਦਰ ਸਿੰਘ, ਅਰਵਿੰਦਰ ਸਿੰਘ ਕੰਗ, ਐੱਸਡੀਓ ਗੁਰਦੇਵ ਸਿੰਘ, ਪਰਮਜੀਤ ਸਿੰਘ ਸੈਣੀ, ਦਲਜੀਤ ਸਿੰਘ ਗਿੱਲ, ਸਿਮਰਨ ਢਿੱਲੋਂ, ਜਤਿੰਦਰਪਾਲ ਸਿੰਘ ਜੀਪੀ ਅਤੇ ਡਾ. ਹਰਪ੍ਰੀਤ ਸਿੰਘ ਹਾਜ਼ਰ ਸਨ।