ਅਕਾਲੀ ਦਲ ਵੱਲੋਂ ਸੜਕਾਂ ਦੀ ਖਸਤਾ ਹਾਲ ਖ਼ਿਲਾਫ਼ ਧਰਨਾ
ਹਲਕੇ ਦੇ ਪਿੰਡਾਂ ਦੀਆਂ ਖਸਤਾ ਹਾਲਤ ਸੜਕਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਯੂਥ ਆਗੂ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਫਾਂਟਵਾਂ ਵਿੱਚ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਤਿੱਖੇ ਸੰਘਰਸ਼ ਦਾ ਐਲਾਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਪਿਛਲੇ ਕਰੀਬ ਸਾਢੇ ਤਿੰਨ ਸਾਲਾਂ ਤੋਂ ਹਲਕਾ ਖਰੜ ਦੀਆਂ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਜਦਕਿ ਸਰਕਾਰ ਵੱਲੋਂ ਸੜਕਾਂ ’ਤੇ ਹੋਰ ਵਿਕਾਸ ਕਾਰਜਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਵਿਕਾਸ ਕਾਰਜਾਂ ਲਈ ਕੋਈ ਵੱਡੀ ਸਰਕਾਰੀ ਗਰਾਂਟ ਨਹੀਂ ਮਿਲੀ ਜਿਸ ਕਾਰਨ ਸਮੁੱਚੇ ਹਲਕੇ ਵਿੱਚ ਵਿਕਾਸ ਦੇ ਕੰਮ ਠੱਪ ਪਏ ਹਨ ਅਤੇ ਲੋਕ ਮੁਢਲੀਆਂ ਸਹੂਲਤਾਂ ਨੂੰ ਤਰਸ ਰਹੇ ਹਨ। ਸ੍ਰੀ ਖੇੜਾ ਨੇ ਦੱਸਿਆ ਕਿ ਬੰਨ੍ਹਮਾਜਰਾ-ਖਿਜ਼ਰਾਬਾਦ ਸੜਕ ਅਤੇ ਖਰੜ ਦੀ ਨਿੱਝਰ ਰੋਡ, ਲਾਂਡਰਾ ਰੋਡ ਇਸ ਦੀਆਂ ਸਭ ਤੋਂ ਵੱਡੀਆਂ ਉਦਾਹਰਨਾਂ ਹਨ। ਉਨ੍ਹਾਂ ਕਿਹਾ ਕਿ ਹੁਣ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਵਿੱਚ ਪਿੰਡਾਂ ਦੇ ਲੋਕ ‘ਆਪ’ ਨੂੰ ਮੂੰਹ ਨਹੀਂ ਲਗਾਉਣਗੇ।
ਇਸੇ ਦੌਰਾਨ ਹਰਦੀਪ ਸਿੰਘ ਖਿਜ਼ਰਾਬਾਦ,ਜਗਦੀਸ਼ ਸਿੰਘ ਖੈਰਪੁਰ, ਜਸਪਾਲ ਸਿੰਘ ਲੱਕੀ, ਮਨਜੀਤ ਬੜੌਦੀ, ਸਰਪੰਚ ਪਰਮਜੀਤ ਸਿੰਘ ਵਜੀਦਪੁਰ,ਗੁਰਮੇਲ ਸਿੰਘ ਢਕੋਰਾਂ, ਮੇਜਰ ਸਿੰਘ ਵਜੀਦਪੁਰ,ਗੁਰਮਿੰਦਰ ਸਿੰਘ ਫਾਟਵਾਂ, ਐਡਵੋਕੇਟ ਗੁਰਪ੍ਰੀਤ ਸਿੰਘ ਕੰਧੋਲਾ ਤੇ ਹੋਰਨਾਂ ਨੇ ਕਿਹਾ ਕਿ ਸਰਕਾਰ ਦੀ ਵਿਕਾਸ ਪ੍ਰਤੀ ਬੇਰੁਖ਼ੀ ਕਾਰਨ ਲੋਕ ਅੱਕੇ ਪਏ ਹਨ। ਉਨ੍ਹਾਂ ਵਿਧਾਇਕਾ ਅਨਮੋਲ ਗਗਨ ਮਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਲਕਾ ਖਰੜ ਦੇ ਪਿੰਡਾਂ ਤੇ ਸ਼ਹਿਰਾਂ ਦੀ ਹਾਲਤ ਸੁਧਾਰਨ ਅਤੇ ਠੱਪ ਪਏ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਨਿਰਮਲ ਸਿੰਘ ਕਾਦੀਮਾਜਰਾ,ਗੁਰਿੰਦਰ ਸਿੰਘ ਸੇਖਪੁਰਾ,ਰਣਜੀਤ ਸਿੰਘ ਖੈਰਪੁਰ,ਦਲਵਿੰਦਰ ਸਿੰਘ ਹਾਜ਼ਰ ਸਨ।