ਏਅਰੋਟ੍ਰੋਪੋਲਿਸ: ਜ਼ਮੀਨ ਐਕੁਆਇਰ ਲਈ ਮਾਹਿਰ ਸਮੂਹ ਨੇ ਲਾਈ ਮੋਹਰ
ਸਮਾਜਿਕ ਪ੍ਰਭਾਵ ਮੁਲਾਂਕਣ ਦਾ ਮੁਲਾਂਕਣ ਕਰਨ ਲਈ ਜ਼ਮੀਨ ਪ੍ਰਾਪਤੀ ਪੁਨਰਵਾਸ ਐਕਟ 2013 ਤਹਿਤ ਨਿਰਪੱਖ ਮੁਆਵਜ਼ਾ ਅਤੇ ਪਾਰਦਰਸ਼ਤਾ ਦੇ ਅਧਿਕਾਰ ਦੀ ਧਾਰ ਸੱਤ ਅਧੀਨ ਸਾਬਕਾ ਆਈ ਏ ਐੱਸ ਕੇ ਐਸ ਸਿੱਧੂ ਦੀ ਅਗਵਾਈ ਹੇਠ ਮਾਹਿਰ ਸਮੂਹ ਦਾ ਗਠਨ ਕੀਤਾ ਗਿਆ ਸੀ। ਮਾਹਿਰ ਸਮੂਹ ਦੀ ਸਮੁੱਚੀ ਟੀਮ ਵੱਲੋਂ 27-11-2025 ਨੂੰ ਮੁਹਾਲੀ ਦੇ ਪੁੱਡਾ ਭਵਨ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਪ੍ਰਭਾਵਿਤ ਪਿੰਡਾਂ ਦੇ ਨੰਬਰਦਾਰਾਂ, ਸਰਪੰਚਾਂ, ਕਿਸਾਨਾਂ ਅਤੇ ਸਮਾਜਿਕ ਪ੍ਰਭਾਵ ਮੁਲਾਂਕਣ ਕਰਨ ਵਾਲੀ ਟੀਮ ਤੋਂ ਇਲਾਵਾ ਪੁੱਡਾ ਦੇ ਉੱਚ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਸੀ।
ਇਸ ਮੌਕੇ ਕਿਸਾਨਾਂ ਅਤੇ ਸਰਪੰਚਾਂ ਵੱਲੋਂ ਗਮਾਡਾ ਵੱਲੋਂ ਪਹਿਲਾਂ ਐਕੁਵਾਇਰ ਕੀਤੀ ਗਈ ਏਅਰੋਟ੍ਰੋਪੋਲਿਸ ਦੀਆਂ ਏ ਬੀ ਸੀ ਅਤੇ ਡੀ ਚਾਰ ਪਾਕਿਟਾਂ ਵਿਚ ਅਨੇਕਾਂ ਖਾਮੀਆਂ ਗਿਣਾਈਆਂ ਗਈਆਂ ਸਨ ਅਤੇ ਗਮਾਡਾ ਉੱਤੇ ਕਿਸਾਨਾਂ ਲਈ ਕੁੱਝ ਵੀ ਸਮਾਂਬੱਧ ਨਾ ਕਰਨ, ਸਬੰਧਿਤ ਖੇਤਰ ਦਾ ਹਾਲੇ ਤੱਕ ਵੀ ਵਿਕਾਸ ਨਾ ਕਰਨ, ਲੋੜੀਂਦਾ ਮੁਆਵਜ਼ਾ ਅਤੇ ਕਬਜ਼ਾ ਸਮੇਂ ਸਿਰ ਨਾ ਦੇਣ ਸਮੇਤ ਕਈਂ ਮੰਗਾਂ ਉਠਾਈਆਂ ਗਈਆਂ ਸਨ ਅਤੇ ਮਾਹਿਰ ਸਮੂਹ ਨੇ ਗਮਾਡਾ ਅਧਿਕਾਰੀਆਂ ਨੂੰ ਕਿਸਾਨਾਂ ਦੇ ਸ਼ੰਕਿਆਂ ਅਤੇ ਖ਼ਦਸ਼ਿਆਂ ਨੂੰ ਨਵਿਰਤ ਕਰਨ ਦੀ ਸਿਫ਼ਾਰਿਸ਼ ਕੀਤੀ ਸੀ।
ਭੌਂ ਪ੍ਰਾਪਤੀ ਕੁਲੈਕਟਰ ਵੱਲੋਂ ਇਨ੍ਹਾਂ ਅੱਠ ਪਿੰਡਾਂ ਦੇ ਸਰਪੰਚਾਂ ਅਤੇ ਡਿਪਟੀ ਕਮਿਸ਼ਨਰ ਨੂੰ ਧਾਰਾ ਅੱਠ ਅਧੀਨ ਭੇਜੇ ਪੱਤਰਾਂ ਵਿਚ ਕਿਹਾ ਗਿਆ ਕਿ ਮਾਹਿਰ ਸਮੂਹ ਵੱਲੋਂ ਭੌਂ ਪ੍ਰਾਪਤ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ ਗਈ ਹੈ, ਜਿਸ ਤਹਿਤ ਸਬੰਧਿਤ ਸਕੀਮ ਤਹਿਤ ਤਜਵੀਜ਼ ਕੀਤੀ ਭੌਂ ਪ੍ਰਾਪਤ ਕਰਨ ਲਈ ਲੋਕਾਂ ਦਾ ਘੱਟ ਤੋਂ ਘੱਟ ਉਜਾੜਾ ਹੋਵੇਗਾ। ਬੁਨਿਆਦੀ ਢਾਂਚੇ, ਵਾਤਾਵਰਨ ਵਿੱਚ ਘੱਟੋ-ਘੱਟ ਗੜਬੜ੍ਹ ਅਤੇ ਪ੍ਰਭਾਵਿਤ ਵਿਅਕਤੀਆਂ ਉਤੇ ਘੱਟੋ-ਘੱਠ ਪ੍ਰਤੀਕੂਲ ਅਸਰ ਪਵੇਗਾ। ਗਮਾਡਾ ਵੱਲੋਂ ਹੁਣ ਇਸ ਸਬੰਧੀ ਜਲਦੀ ਹੀ ਅਗਲੇਰੀ ਕਾਰਵਾਈ ਨੂੰ ਅੰਜ਼ਾਮ ਦੇ ਕੇ ਇਨ੍ਹਾਂ ਖੇਤਰਾਂ ਵਿਚ ਜ਼ਮੀਨ ਦੀ ਖਰੀਦ-ਵੇਚ ਦੀਆਂ ਰਜਿਸਟਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਅਤੇ ਇਸ ਮਗਰੋਂ ਜ਼ਮੀਨ ਗ੍ਰਹਿਣ ਕਰਨ ਲਈ ਐਵਾਰਡ ਸੁਣਾ ਕੇ ਜ਼ਮੀਨ ਹਾਸਿਲ ਕਰ ਲਈ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਗਮਾਡਾ ਵੱਲੋਂ 31 ਮਾਰਚ 2026 ਤੋਂ ਪਹਿਲਾਂ-ਪਹਿਲਾਂ ਇਹ ਜ਼ਮੀਨ ਐਕੁਆਇਰ ਕਰਨ ਦੀ ਯੋਜਨਾ ਉਲੀਕੀ ਗਈ ਹੈ।
ਲੈਂਡ ਪੂਲਿੰਗ ਤਹਿਤ ਮਿਲਣ ਵਾਲੇ ਲਾਭ
ਪੰਜਾਬ ਮੰਤਰੀ ਮੰਡਲ ਵੱਲੋਂ ਮੁਹਾਲੀ ਸ਼ਹਿਰ ਦੇ ਵਿਸਥਾਰ ਲਈ ਪੁਰਾਣੀ ਭੌਂ ਗ੍ਰਹਿਣ ਐਕਟ ਅਧੀਨ ਹੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਕਿਸਾਨਾਂ ਨੂੰ ਨਕਦ ਰਾਸ਼ੀ ਅਤੇ ਪੈਂਡ ਪੂਲਿੰਗ ਲੈਣ ਦੀ ਖੁੱਲ ਹੋਵੇਗੀ। ਲੈਂਡ ਪੂਲਿੰਗ ਸਬੰਧੀ ਕੀਤੀਆਂ ਸੋਧਾਂ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਕਮਰਸ਼ੀਅਲ ਖੇਤਰ ਵਿਚ ਜ਼ਮੀਨ ਗ੍ਰਹਿਣ ਕਰਨ ਸਬੰਧੀ ਇੱਕ ਏਕੜ ਜ਼ਮੀਨ ਬਦਲੇ 800 ਵਰਗ ਗਜ਼ ਕਮਰਸ਼ੀਅਲ ਖੇਤਰ, ਜਾਂ 1000 ਵਰਗ ਗਜ਼ ਰਿਹਾਇਸ਼ੀ ਤੇ 200 ਗਜ਼ ਕਮਰਸ਼ੀਅਲ ਜਾਂ 1600 ਵਰਗ ਗਜ਼ ਰਿਹਾਇਸ਼ੀ ਥਾਂ ਮਿਲੇਗੀ। ਰਿਹਾਇਸ਼ੀ ਖੇਤਰ ਵਿਚ ਇੱਕ ਏਕੜ ਦੇ ਬਦਲੇ ਵਿਚ 1000 ਵਰਗ ਗਜ਼ ਰਿਹਾਇਸ਼ੀ, 200 ਗਜ਼ ਕਮਰਸ਼ੀਅਲ ਜਾਂ 1600 ਵਰਗ ਗਜ਼ ਰਿਹਾਇਸ਼ੀ ਥਾਂ ਹਾਸਲ ਹੋਵੇਗੀ। ਸਨਅਤੀ ਖੇਤਰ ਵਿਚ ਇੱਕ ਏਕੜ ਲਈ 1600 ਵਰਗ ਗਜ਼ ਸਨਅਤੀ ਥਾਂ ਜਾਂ 1000 ਵਰਗ ਗਜ਼ ਰਿਹਾਇਸ਼ੀ ਅਤੇ 200 ਗਜ਼ ਕਮਰਸ਼ੀਅਲ ਥਾਂ ਅਤੇ ਸੰਸਥਾਵਾਂ ਵਾਲੇ ਖੇਤਰ ਵਿਚ ਇੱਕ ਏਕੜ ਲਈ 1600 ਵਰਗ ਗਜ਼ ਸੰਸਥਾਵਾਂ ਵਾਲੀ ਥਾਂ ਜਾਂ ਫ਼ਿਰ 1000 ਵਰਗ ਗਜ਼ ਰਿਹਾਇਸ਼ੀ ਅਤੇ 200 ਵਰਗ ਗਜ਼ ਵਪਾਰਿਕ ਥਾਂ ਦਿੱਤੀ ਜਾਵੇਗੀ।
