ਨਿੱਜੀ ਸਕੂਲਾਂ ’ਚ ਐਂਟਰੀ ਲੈਵਲ ਜਮਾਤਾਂ ’ਚ ਦਾਖ਼ਲਾ ਪ੍ਰਕਿਰਿਆ 9 ਤੋਂ ਸ਼ੁਰੂ
ਯੂ ਟੀ ਦੇ ਪ੍ਰਾਈਵੇਟ ਅਤੇ ਕਾਨਵੈਂਟ ਸਕੂਲਾਂ ਵਿੱਚ ਸਾਲ 2026-27 ਸੈਸ਼ਨ ਦੀਆਂ ਐਂਟਰੀ ਲੈਵਲ ਜਮਾਤਾਂ ਲਈ ਦਾਖ਼ਲਾ ਪ੍ਰਕਿਰਿਆ 9 ਦਸੰਬਰ ਤੋਂ ਸ਼ੁਰੂ ਹੋਵੇਗੀ ਅਤੇ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਜਮਾਤਾਂ ਵਿਚਲੀਆਂ ਸੀਟਾਂ, ਫੀਸਾਂ, ਦਸਤਾਵੇਜ਼ ਲੋੜੀਂਦੇ, ਉਮਰ, ਡਰਾਅ ਦੀ ਮਿਤੀ ਤੇ ਹੋਰ ਵੇਰਵੇ 8 ਦਸੰਬਰ ਤੋਂ ਪਹਿਲਾਂ ਆਪਣੀਆਂ ਵੈੱਬਸਾਈਟਾਂ ਉੱਪਰ ਨੋਟਿਸ ਬੋਰਡਾਂ ’ਤੇ ਅਪਲੋਡ ਕਰਨ। ਇਸ ਤੋਂ ਇਲਾਵਾ ਸਕੂਲ ਪਿਛਲੇ ਤਿੰਨ ਸਾਲ ਦੀਆਂ ਸੀਟਾਂ ਬਾਰੇ ਵੀ ਜਾਣਕਾਰੀ ਦੇਣ ਕਿ ਕਿੰਨੀਆਂ ਸੀਟਾਂ ਹਨ ਤੇ ਉਨ੍ਹਾਂ ਵਿੱਚ ਸਾਲ ਦਰ ਸਾਲ ਕਿੰਨੇ ਵਿਦਿਆਰਥੀ ਪੜ੍ਹ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਅੱਜ ਪ੍ਰਾਈਵੇਟ ਸਕੂਲਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਦੂਜੇ ਪਾਸੇ, ਕਈ ਸਕੂਲ ਮੁਖੀਆਂ ਨੇ ਸਿੱਖਿਆ ਵਿਭਾਗ ਨੂੰ ਬੇਲੋੜੀ ਦਖ਼ਲਅੰਦਾਜ਼ੀ ਬੰਦ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਕਰੀਬ 76 ਪ੍ਰਾਈਵੇਟ ਸਕੂਲ ਹਨ ਤੇ ਇਨ੍ਹਾਂ ਵਿੱਚ 7000 ਦੇ ਕਰੀਬ ਵਿਦਿਆਰਥੀਆਂ ਨੂੰ ਦਾਖ਼ਲਾ ਮਿਲਦਾ ਹੈ। ਜ਼ਿਕਰਯੋਗ ਹੈ ਕਿ ਨਿਯਮਾਂ ਅਨੁਸਾਰ ਸਕੂਲ ਹਰ ਸਾਲ ਅੱਠ ਫ਼ੀਸਦ ਤੱਕ ਫੀਸਾਂ ਵਧਾ ਸਕਦੇ ਹਨ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਇਨ੍ਹਾਂ ਦਾਖ਼ਲਿਆਂ ਸਬੰਧੀ 28 ਨਵੰਬਰ ਨੂੰ ਸਕੂਲ ਮੁਖੀਆਂ ਨਾਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 18 ਵਿੱਚ ਮੀਟਿੰਗ ਕੀਤੀ ਸੀ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ 8 ਦਸੰਬਰ ਤਕ ਆਪਣੀ ਵੈੱਬਸਾਈਟ ’ਤੇ ਨੋਟਿਸ ਬੋਰਡ ’ਤੇ ਸੀਟਾਂ ਦੀ ਗਿਣਤੀ, ਉਮਰ ਸੀਮਾ, ਫੀਸਾਂ ਦੇ ਵੇਰਵੇ ਨਸ਼ਰ ਕਰਨਗੇ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਕੂਲਾਂ ਨੂੰ ਵੈੱਬਸਾਈਟ ’ਤੇ ਦਾਖ਼ਲਾ ਫਾਰਮ ਅਪਲੋਡ ਕਰਨ ਲਈ ਕਿਹਾ ਗਿਆ ਹੈ ਜੋ ਮੁਫ਼ਤ ਹੋਵੇਗਾ ਪਰ ਫਾਰਮ ਜਮ੍ਹਾਂ ਕਰਵਾਉਣ ਵੇਲੇ ਸਕੂਲ 150 ਰੁਪਏ ਫੀਸ ਲੈ ਸਕਦੇ ਹਨ।
ਪ੍ਰੀ ਪ੍ਰਾਇਮਰੀ ਲੈਵਲ-1 ਜਮਾਤ ਲਈ ਉਮਰ 3 ਤੋਂ 4 ਸਾਲ
ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜਨ ਜੈਨ ਨੇ ਦੱਸਿਆ ਕਿ ਐਂਟਰੀ ਲੈਵਲ ਜਮਾਤਾਂ ਵਿੱਚ ਦਾਖ਼ਲੇ ਨਵੀਂ ਸਿੱਖਿਆ ਨੀਤੀ ਤਹਿਤ ਹੋਣਗੇ ਤੇ ਬੱਚਿਆਂ ਦੀ ਉਮਰ ਪਹਿਲੀ ਅਪਰੈਲ 2026 ਨੂੰ ਹੇਠ ਲਿਖੇ ਅਨੁਸਾਰ ਹੋਣੀ ਚਾਹੀਦੀ ਹੈ। ਪ੍ਰੀ ਪ੍ਰਾਇਮਰੀ ਲੈਵਲ-1 ਜਮਾਤ ਵਿੱਚ ਤਿੰਨ ਤੋਂ ਚਾਰ ਸਾਲ ਦੀ ਉਮਰ ਵਾਲਿਆਂ ਨੂੰ ਦਾਖ਼ਲਾ ਮਿਲੇਗਾ ਤੇ ਬੱਚੇ ਦਾ ਜਨਮ ਪਹਿਲੀ ਅਪਰੈਲ 2022 ਤੋਂ 31 ਮਾਰਚ 2023 ਦਰਮਿਆਨ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਪ੍ਰੀ ਪ੍ਰਾਇਮਰੀ ਲੈਵਲ-2 ਲਈ ਬੱਚੇ ਦਾ ਜਨਮ ਪਹਿਲੀ ਅਪਰੈਲ 2021 ਤੋਂ 31 ਮਾਰਚ 2022 ਦਰਮਿਆਨ, ਪ੍ਰੀ ਪ੍ਰਾਇਮਰੀ ਲੈਵਲ 3 ਲਈ ਬੱਚੇ ਦਾ ਜਨਮ ਪਹਿਲੀ ਅਪਰੈਲ 2020 ਤੋਂ 31 ਮਾਰਚ 2021 ਦਰਮਿਆਨ ਹੋਣਾ ਚਾਹੀਦਾ ਹੈ।
ਮੋਹਰੀ ਸਕੂਲਾਂ ਦੀਆਂ ਫੀਸਾਂ ਦਾ ਵੇਰਵਾ (ਸੈਸ਼ਨ 2025-26)
ਭਵਨ ਵਿਦਿਆਲਿਆ ਜੂਨੀਅਰ ਸਕੂਲ: ਦਾਖ਼ਲਾ ਫੀਸ 60,000, ਰਿਫੰਡੇਬਲ ਸਕਿਉਰਿਟੀ 16,200
ਤਿਮਾਹੀ ਫੀਸ 30,000, ਕੁੱਲ ਅੰਦਾਜ਼ਨ ਫੀਸ 1.05 ਲੱਖ ਦੇ ਕਰੀਬ।
ਚਿਤਕਾਰਾ ਸਕੂਲ: ਦਾਖ਼ਲਾ ਫੀਸ 1.15 ਲੱਖ ਰੁਪਏ, ਰਿਫੰਡੇਬਲ ਸਕਿਉਰਿਟੀ 3 ਹਜ਼ਾਰ ਰੁਪਏ, ਤਿਮਾਹੀ ਫੀਸ 24,700, ਕੁੱਲ ਫੀਸ ਅੰਦਾਜ਼ਨ 1.20 ਲੱਖ ਰੁਪਏ।
ਸਟਰਾਅਬੇਰੀ ਫੀਲਡਜ਼ ਸਕੂਲ: ਦਾਖ਼ਲਾ ਫੀਸ 1,42,500, ਟਿਊਸ਼ਨ ਫੀਸ ਸਾਲਾਨਾ 2,02,900 ਰੁਪਏ।
ਦਿੱਲੀ ਪਬਲਿਕ ਸਕੂਲ: ਦਾਖਲਾ ਫੀਸ 54,500, ਤਿਮਾਹੀ ਫੀਸ 30 ਹਜ਼ਾਰ ਰੁਪਏ।
ਤਰੀਕਾਂ ਦਾ ਵੇਰਵਾ
ਵੈੱਬਸਾਈਟ ’ਤੇ ਦਾਖ਼ਲਿਆਂ ਸਬੰਧੀ ਜਾਣਕਾਰੀ ਨਸ਼ਰ ਕਰਨ ਦੀ ਤਾਰੀਕ -8 ਦਸੰਬਰ ਤੋਂ ਪਹਿਲਾਂ
ਦਾਖਲਾ ਫਾਰਮ ਮਿਲਣਗੇ - 9 ਤੋਂ 22 ਦਸੰਬਰ
ਯੋਗ ਵਿਦਿਆਰਥੀਆਂ ਦੀ ਦਾਖ਼ਲਾ ਲਿਸਟ ਪ੍ਰਦਰਸ਼ਿਤ -16 ਜਨਵਰੀ
ਦਾਖ਼ਲਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ - 2 ਫਰਵਰੀ ਤੋਂ ਪਹਿਲਾਂ
ਫੀਸਾਂ ਜਮ੍ਹਾਂ ਕਰਵਾਉਣ ਦੀ ਤਰੀਕ -13 ਫਰਵਰੀ ਤੋਂ ਪਹਿਲਾਂ
