ਪ੍ਰਸ਼ਾਸਨ ਹਰ ਮਹੀਨੇ ਨਿਲਾਮ ਕਰੇਗਾ 700 ਤੋਂ ਵੱਧ ਰਿਹਾਇਸ਼ੀ ਪਲਾਟ
ਸਿਟੀ ਬਿਊਟੀਫੁਲ ਚੰਡੀਗੜ੍ਹ ਵਿੱਚ ਕੁਝ ਸਮੇਂ ਤੋਂ ਜਾਇਦਾਦਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸੇ ਕਰ ਕੇ ਸ਼ਹਿਰ ਵਿੱਚ ਪ੍ਰਾਪਰਟੀ ਦੀਆਂ ਕੀਮਤਾਂ ਅਸਮਾਨ ’ਤੇ ਪਹੁੰਚ ਰਹੀਆਂ ਹਨ, ਪਰ ਹੁਣ ਸ਼ਹਿਰ ਵਿੱਚ ਰੀਅਲ ਅਸਟੇਟ ਦੇ ਕਾਰੋਬਾਰ ਨੂੰ ਹੋਰ ਹੁਲਾਰਾ ਮਿਲੇਗਾ। ਇਸ ਨਾਲ ਲੋਕਾਂ ਨੂੰ ਚੰਡੀਗੜ੍ਹ ਵਿੱਚ ਆਪਣਾ ਘਰ ਬਣਾਉਣ ਦਾ ਸੁਫ਼ਨਾ ਸਾਕਾਰ ਹੋ ਸਕੇਗਾ ਅਤੇ ਯੂਟੀ ਪ੍ਰਸ਼ਾਸਨ ਦਾ ਮਾਲੀਆ ਵੀ ਵਧੇਗਾ। ਯੂਟੀ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਵੱਲੋਂ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ 700 ਤੋਂ ਵੱਧ ਰਿਹਾਇਸ਼ੀ ਪਲਾਟਾਂ ਦੀ ਹਰ ਮਹੀਨੇ ਈ-ਨਿਲਾਮੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਅਸਟੇਟ ਦਫ਼ਤਰ ਵੱਲੋਂ ਜਲਦ ਹੀ ਈ-ਨਿਲਾਮੀ ਦਾ ਸਾਲਾਨਾ ਕੈਲੰਡਰ ਜਾਰੀ ਕੀਤਾ ਜਾਵੇਗਾ। ਇਸ ਨਾਲ ਸ਼ਹਿਰ ਦੇ ਲੋਕ ਨਿਲਾਮੀ ਵਿੱਚ ਹਿੱਸਾ ਲੈ ਸਕਣਗੇ।
ਅਸਟੇਟ ਦਫ਼ਤਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇੱਕ ਸਾਲ ਤੱਕ ਹਰ ਮਹੀਨੇ ਸ਼ਹਿਰ ਦੀਆਂ ਪ੍ਰਾਪਰਟੀਆਂ ਦੀ ਈ-ਨਿਲਾਮੀ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਲਈ ਹਰ ਮਹੀਨੇ 700 ਤੋਂ ਵੱਧ ਜਾਇਦਾਦਾਂ ਵਿੱਚੋਂ ਕੁਝ ਜਾਇਦਾਦਾਂ ਦੀ ਚੋਣ ਕਰ ਕੇ ਨਿਲਾਮੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਿਲਾਮ ਕੀਤੇ ਜਾਣ ਵਾਲੇ ਸਾਰੇ ਰਿਹਾਇਸ਼ੀ ਪਲਾਟ ਫਰੀਹੋਲਡ ਵਾਲੇ ਹਨ। ਪ੍ਰਸ਼ਾਸਨ ਨੇ ਇਸ ਕਦਮ ਨਾਲ ਸ਼ਹਿਰ ਵਿੱਚ ਰੀਅਲ ਅਸਟੇਟ ਕਾਰੋਬਾਰ ਨੂੰ ਵੀ ਹੁਲਾਰਾ ਮਿਲੇਗਾ।
ਚੰਡੀਗੜ੍ਹ ਵਿੱਚ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਵਿਅਕਤੀ ਨੇ ਕਿਹਾ ਕਿ ਸ਼ਹਿਰ ਵਿੱਚ ਪ੍ਰਾਪਰਟੀਆਂ ਦੀਆਂ ਵਧਦੀਆਂ ਕੁਲੈਕਟਰ ਦਰਾਂ ਅਤੇ ਸ਼ੇਅਰ-ਵਾਰ ਜਾਇਦਾਦ ਦੀ ਰਜਿਸਟ੍ਰੇਸ਼ਨਾਂ ’ਤੇ ਲੱਗੀ ਰੋਕ ਨੇ ਚੰਡੀਗੜ੍ਹ ਦੀਆਂ ਜਾਇਦਾਦ ਦੀਆਂ ਕੀਮਤਾਂ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਹਰ ਵਿਅਕਤੀ ਆਪਣਾ ਮਕਾਨ ਬਣਾਉਣਾ ਚਾਹੁੰਦਾ ਹੈ। ਇਸ ਲਈ ਸ਼ਹਿਰ ਵਿੱਚ ਹਰ ਮਹੀਨੇ ਰਿਹਾਇਸ਼ੀ ਪਲਾਟਾਂ ਦੀ ਨਿਲਾਮੀ ਨਾਲ ਲੋਕਾਂ ਦਾ ਇਹ ਸੁਫ਼ਨਾ ਪੁਰਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਹਰ ਮਹੀਨੇ ਕੀਤੀ ਜਾਣ ਵਾਲੀ ਈ-ਨਿਲਾਮੀ ਨੂੰ ਯੋਜਨਾਬੱਧ ਢੰਗ ਨਾਲ ਨੇਪਰੇ ਚਾੜ੍ਹਨਾ ਚਾਹੀਦਾ ਹੈ।
ਪਿਛਲੀ ਵਾਰ ਨਿਲਾਮੀ ਨੇ ਤੋੜੇ ਸਨ ਰਿਕਾਰਡ
ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਫ਼ੈਸਲਾ ਸਤੰਬਰ ਮਹੀਨੇ ਵਿੱਚ ਰਿਹਾਇਸ਼ੀ ਜਾਇਦਾਦਾਂ ਦੀ ਨਿਲਾਮੀ ਤੋਂ ਬਾਅਦ ਲਿਆ ਹੈ। ਉਸ ਦੌਰਾਨ ਜਾਇਦਾਦਾਂ ਦੀਆਂ ਕੀਮਤਾਂ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਸਨ। ਪ੍ਰਸ਼ਾਸਨ ਨੇ ਉਸ ਨਿਲਾਮੀ ਵਿੱਚ 13 ਜਾਇਦਾਦਾਂ ਤੋਂ 168.85 ਕਰੋੜ ਦੀ ਕਮਾਈ ਕੀਤੀ ਜਦੋਂਕਿ ਇਨ੍ਹਾਂ ਪਲਾਟਾਂ ਦੀ ਰਾਖਵੀਂ ਕੀਮਤ 75.29 ਕਰੋੜ ਰੱਖੀ ਗਈ ਸੀ। ਇਸ ਤਰ੍ਹਾਂ ਪ੍ਰਸ਼ਾਸਨ ਨੇ 13 ਰਿਹਾਇਸ਼ੀ ਜਾਇਦਾਦਾਂ ਤੋਂ ਦੁੱਗਣੇ ਤੋਂ ਵੀ ਵੱਧ ਰਕਮ ਦੀ ਕਮਾਈ ਕੀਤੀ ਸੀ। ਇਸ ਦੌਰਾਨ ਪ੍ਰਸ਼ਾਸਨ ਨੇ ਸੈਕਟਰ-19 ਵਿੱਚ ਇਕ ਕਨਾਲ ਦੇ ਤਿੰਨ ਪਲਾਟਾਂ ਨੂੰ 22-22 ਕਰੋੜ ਵਿੱਚ ਨਿਲਾਮ ਕੀਤਾ ਸੀ ਜਦੋਂਕਿ ਇਨ੍ਹਾਂ ਦੀ ਰਾਖਵੀਂ ਕੀਮਤ 7.5 ਕਰੋੜ ਰੁਪਏ ਦੇ ਕਰੀਬ ਸੀ। ਇਸੇ ਤਰ੍ਹਾਂ ਦੋ ਕਨਾਲ ਦਾ ਪਲਾਟ 33 ਕਰੋੜ ਵਿੱਚ ਨਿਲਾਮ ਹੋਇਆ ਸੀ। ਇਸ ਤੋਂ ਇਲਾਵਾ ਸੈਕਟਰ-9 ਵਿੱਚ 8.5 ਕਨਾਲ ਦਾ ਬੰਗਲਾ 126 ਕਰੋੜ ਰੁਪਏ ਵਿੱਚ ਰਜਿਸਟਰ ਹੋਇਆ ਸੀ, ਜੋ ਸ਼ਹਿਰ ਵਿੱਚ ਸਭ ਤੋਂ ਮਹਿੰਗਾ ਵਿਕਿਆ ਸੀ। ਇਸ ਬੰਗਲੇ ਦੀ ਨਿਲਾਮੀ ਦੌਰਾਨ ਯੂਟੀ ਪ੍ਰਸ਼ਾਸਨ ਨੂੰ 6.3 ਕਰੋੜ ਰੁਪਏ ਦੀ ਸਟੈਂਪ ਡਿਊਟੀ ਦੀ ਕਮਾਈ ਕੀਤੀ ਸੀ।