ਪਾਿੜ੍ਹਆਂ ਦੀ ਸੁਰੱਖਿਆ ਤੋਂ ਪ੍ਰਸ਼ਾਸਨ ਬੇਖ਼ਬਰ
ਇੱਥੋਂ ਦੇ ਵਿਦਿਆਰਥੀਆਂ ਦੀ ਢੋਆ ਢੁਆਈ ਕਰ ਰਹੇ ਕਈ ਵਾਹਨਾਂ ਵੱਲੋਂ ਇਨ੍ਹਾਂ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਵਾਹਨਾਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਸਕੂਲ ਲਿਆਇਆ ਤੇ ਛੱਡਿਆ ਜਾ ਰਿਹਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਪ੍ਰਤੀ ਸਕੂਲ, ਸਟੇਟ ਟਰਾਂਸਪੋਰਟ ਅਥਾਰਿਟੀ ਤੇ ਟਰੈਫਿਕ ਪੁਲੀਸ ਬੇਖਬਰ ਹੈ।
ਚਾਰ ਦਿਨ ਪਹਿਲਾਂ ਇੱਥੋਂ ਦੇ ਸਕੂਲ ਦੀ ਵਿਦਿਆਰਥਣ ਨਾਲੀ ਥ੍ਰੀ-ਵ੍ਹੀਲਰ ਵਿਚ ਛੇੜਛਾੜ ਕੀਤੀ ਗਈ ਸੀ। ਕਈ ਮਾਪੇ ਆਪਣੇ ਬੱਚਿਆਂ ਨੂੰ ਏਸੀ ਵਾਹਨਾਂ ’ਤੇ ਸਕੂਲ ਭੇਜਦੇ ਹਨ, ਇਨ੍ਹਾਂ ਕੋਲ ਵਿਦਿਆਰਥੀਆਂ ਨੂੰ ਲਿਜਾਣ ਦਾ ਪਰਮਿਟ ਨਹੀਂ ਹੁੰਦਾ ਤੇ ਇਹ ਸਕੂਲ ਬੱਸ ਦੇ 2500 ਰੁਪਏ ਪ੍ਰਤੀ ਮਹੀਨੇ ਦੇ ਮੁਕਾਬਲੇ 3200 ਰੁਪਏ ਵਸੂਲਦੇ ਹਨ। ਅੱਜ ਦੇਖਣ ’ਤੇ ਪਤਾ ਲੱਗਿਆ ਕਿ ਲਗਪਗ ਹਰ ਸਕੂਲ ਲਈ ਸਕੂਲੀ ਬੱਸਾਂ ਤੋਂ ਇਲਾਵਾ ਥ੍ਰੀ-ਵ੍ਹੀਲਰਾਂ, ਟਾਟਾ ਮੈਜਿਕਾਂ, ਇਨੋਵਾ, ਟਵੇਰਾ ਚਾਲਕਾਂ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਕਈ ਥ੍ਰੀ ਵ੍ਹੀਲਰਾਂ ਤੇ ਟਵੇਰਾ ਵਾਲੇ ਤਾਂ ਸਮਰੱਥਾ ਤੋਂ ਕਿਤੇ ਵੱਧ ਵਿਦਿਆਰਥੀ ਬਿਠਾ ਕੇ ਲਿਜਾਂਦੇ ਦੇਖੇ ਗਏ। ਸਕੂਲੀ ਬੱਸਾਂ ਤੋਂ ਇਲਾਵਾ ਦੂਜੇ ਵਾਹਨਾਂ ਵਲੋਂ ਨਾ ਤਾਂ ਵਾਹਨ ਵਿਚ ਕੈਮਰੇ ਹੁੰਦੇ ਹਨ ਤੇ ਨਾ ਹੀ ਲੇਡੀ ਅਟੈਂਡੈਂਟ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਵਾਹਨਾਂ ਵਿਚ ਫਸਟ ਏਡ ਕਿੱਟ ਵੀ ਨਹੀਂ ਹੁੰਦੀ। ਸੈਕਟਰ-15, 26, 33, 36, 37, 38 ਤੇ 40 ’ਚ ਚਲਦੇ ਵਾਹਨਾਂ ਵੱਲੋਂ ਨਿਰਧਾਰਤ ਸੀਟਾਂ ਤੋਂ ਦੁੱਗਣੇ ਵਿਦਿਆਰਥੀਆਂ ਨੂੰ ਸਵਾਰ ਕੀਤਾ ਜਾ ਰਿਹਾ ਹੈ।
ਅਧਿਕਾਰੀਆਂ ਨੂੰ ਮਿਲੇ ਟਰਾਂਸਪੋਰਟਰ, ਕੋਈ ਕਾਰਵਾਈ ਨਾ ਹੋਈ
ਚੰਡੀਗੜ੍ਹ ਸਕੂਲ ਬੱਸ ਅਪਰੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਲਖਬੀਰ ਸਿੰਘ ਸੈਣੀ ਨੇ ਦੱਸਿਆ ਕਿ ਸਕੂਲ ਬੱਸਾਂ ਵਾਲੇ ਸਾਰੇ ਨਿਯਮਾਂ ਤੇ ਪਰਮਿਟ ਅਨੁਸਾਰ ਚੱਲ ਰਹੇ ਹਨ ਪਰ ਬਿਨਾਂ ਪਰਮਿਟ ਵਾਲੇ ਤੇ ਗੈਰ ਕਮਰਸ਼ੀਅਲ ਵਾਹਨ ਉਨ੍ਹਾਂ ਦਾ ਆਰਥਿਕ ਨੁਕਸਾਨ ਕਰ ਰਹੇ ਹਨ। ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਉਹ ਪਿਛਲੇ ਦਿਨਾਂ ਵਿਚ ਅਧਿਕਾਰੀਆਂ ਨੂੰ ਮਿਲੇ ਸਨ ਤੇ ਗੈਰਕਾਨੂੰਨੀ ਵਾਹਨਾਂ ਬਾਰੇ ਫੋਟੋਆਂ ਸਣੇ ਜਾਣਕਾਰੀ ਦਿੱਤੀ ਸੀ ਪਰ ਇਹ ਵਾਹਨ ਹੁਣ ਵੀ ਧੜੱਲੇ ਨਾਲ ਚੱਲ ਰਹੇ ਹਨ।
ਸੇਫ ਸਕੂਲ ਟਰਾਂਸਪੋਰਟ ਪਾਲਸੀ ਲਾਗੂ ਕਰਵਾਈ ਜਾਵੇਗੀ: ਡਾਇਰੈਕਟਰ
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਸਕੂਲਾਂ ਨੂੰ ਸੇਫ ਸਕੂਲ ਟਰਾਂਸਪੋਰਟ ਪਾਲਸੀ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ ਪਰ ਜੇ ਕਿਸੇ ਸਕੂਲ ਵਿਚ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਤਾਂ ਉਸ ਸਕੂਲ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।