ਪ੍ਰਸ਼ਾਸਨ ਨੇ ਚੰਡੀਗੜ੍ਹ ਕਲੱਬ ’ਚ ਨਾਜਾਇਜ਼ ਉਸਾਰੀਆਂ ਢਾਹੀਆਂ
ਅਸਟੇਟ ਵਿਭਾਗ ਦੀ ਟੀਮ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਵੇਰੇ 6 ਵਜੇ ਕੀਤੀ ਕਾਰਵਾਈ; ਕਲੱਬ ਦੇ ਬਾਹਰਲੇ ਪਾਸੇ ਟੀਨ ਦੇ ਸ਼ੈੱਡਾਂ ’ਚ ਬਣੀਆਂ ਉਸਾਰੀਆਂ ਹਟਾਈਆਂ
Advertisement
ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨਜ਼ਦੀਕ ਸੈਕਟਰ 1 ਵਿੱਚ ਸਥਿਤ ਚੰਡੀਗੜ੍ਹ ਕਲੱਬ ਵਿੱਚ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਹੈ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਦੀ ਟੀਮ ਭਾਰੀ ਪੁਲੀਸ ਫੋਰਸ ਨਾਲ ਅੱਜ ਸਵੇਰੇ 6 ਵਜੇ ਹੀ ਚੰਡੀਗੜ੍ਹ ਕਲੱਬ ਵਿੱਚ ਪਹੁੰਚ ਗਈ, ਜਿੱਥੇ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕੀਤੇ ਗਏ ਟੀਨ ਦੇ ਸ਼ੈੱਡ, ਰਸੋਈ ਅਤੇ ਹੋਰ ਕਈ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਅਤੇ ਅਸਟੇਟ ਅਫ਼ਸਰ ਨਿਸ਼ਾਂਤ ਕੁਮਾਰ ਯਾਦਵ ਦੇ ਦਿਸ਼ਾ ਨਿਰਦੇਸ਼ਾਂ ’ਤੇ ਕੀਤੀ ਗਈ ਹੈ, ਜੋ ਖੁਦ ਪ੍ਰਸ਼ਾਸਨਿਕ ਟੀਮ ਦੇ ਨਾਲ ਕਾਰਵਾਈ ਸਮੇਂ ਮੌਜੂਦ ਸਨ।ਜਾਣਕਾਰੀ ਅਨੁਸਾਰ ਚੰਡੀਗੜ੍ਹ ਕਲੱਬ ਵੱਲੋਂ ਕਲੱਬ ਦੀ ਇਮਾਰਤ ਦੇ ਬਾਹਰੀ ਪਾਸੇ ਆਰਜ਼ੀ ਤੌਰ ’ਤੇ ਉਸਾਰੀਆਂ ਕੀਤੀਆਂ ਹੋਈਆਂ ਹਨ, ਜਿੱਥੇ ਵੱਡੇ-ਵੱਡੇ ਸਮਾਗਮ ਕੀਤੇ ਜਾਂਦੇ ਹਨ। ਪ੍ਰਸ਼ਾਸਨ ਵੱਲੋਂ ਪਹਿਲਾਂ ਵੀ ਉਸਾਰੀਆਂ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕਲੱਬ ਨੂੰ ਸਟੇਅ ਮਿਲਣ ਕਰਕੇ ਕਾਰਵਾਈ ਵਿਚਕਾਰ ਹੀ ਰਹਿ ਗਈ ਸੀ। ਇਸ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਦੇ ਅਸਟੇਟ ਵਿਭਾਗ ਦੀ ਟੀਮ ਨੇ ਅੱਜ ਸਵੇਰੇ 6 ਵਜੇ ਹੀ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨਾਲ ਚੰਡੀਗੜ੍ਹ ਕਲੱਬ ਵੱਲੋਂ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਹੈ। ਇਸ ਦੌਰਾਨ ਅਸਟੇਟ ਵਿਭਾਗ ਦੇ ਨਾਲ-ਨਾਲ ਬਿਜਲੀ ਵਿਭਾਗ, ਨਗਰ ਨਿਗਮ, ਸਿਹਤ ਵਿਭਾਗ, ਇੰਜਨੀਅਰਿੰਗ ਵਿਭਾਗ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ।
ਪਹਿਲਾਂ ਬਿਜਲੀ ਵਿਭਾਗ ਤੇ ਨਗਰ ਨਿਗਮ ਵੱਲੋਂ ਉਕਤ ਥਾਂ ਤੋਂ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਕੱਟੇ ਗਏ ਜਿਸ ਤੋਂ ਬਾਅਦ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਅਸਟੇਟ ਅਫ਼ਸਰ ਨਿਸ਼ਾਨ ਕੁਮਾਰ ਯਾਦਵ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਰਿਹਾਇਸ਼ੀ ਜਾਂ ਸਨਅਤੀ ਇਕਾਈਆਂ ਵਿੱਚ ਉਸਾਰੀ ਦੌਰਾਨ ਨੇਮਾਂ ਦਾ ਉਲੰਘਣ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Advertisement
Advertisement
