ਪੰਜਾਬ ਯੂਨੀਵਰਸਿਟੀ ਕੈਂਪਸ ’ਚ ਵਿਦਿਆਰਥੀ ਕੌਂਸਲ ਚੋਣਾਂ ਲਈ ਸਰਗਰਮੀਆਂ ਸ਼ੁਰੂ
ਪੀਯੂ ਮੁਤਾਬਕ ਗੱਲਬਾਤ ਦੌਰਾਨ ਡਾ. ਹੁੱਡਾ ਨੇ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਆਉਣ ਵਾਲੀਆਂ ਵਿਦਿਆਰਥੀ ਕੌਂਸਲ ਚੋਣਾਂ ਦੌਰਾਨ ਯੂਟੀ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧਾਂ ਪੱਖੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਡੀਐੱਸਡਬਲਿਊਜ਼ ਨੇ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਬਾਰੇ ਐੱਸਐੱਸਪੀ ਚੰਡੀਗੜ੍ਹ ਕੰਵਰਦੀਪ ਕੌਰ ਨਾਲ ਵੀ ਉਨ੍ਹਾਂ ਦੇ ਦਫ਼ਤਰ ਜਾ ਕੇ ਮੁਲਾਕਾਤ ਕੀਤੀ।
ਹਾਲਾਂਕਿ ਪੀਯੂ ਅਥਾਰਿਟੀ ਨੇ ਵਿਦਿਆਰਥੀ ਕੌਂਸਲ ਚੋਣਾਂ ਦੀ ਕੋਈ ਪੱਕੀ ਤਰੀਕ ਨਿਸ਼ਚਿਤ ਨਹੀਂ ਕੀਤੀ ਹੈ ਪਰ ਡੀਐੱਸਡਬਲਿਊ ਨੇ ਦੱਸਿਆ ਕਿ ਸਤੰਬਰ ਦੇ ਪਹਿਲੇ ਹਫ਼ਤੇ ਚੋਣ ਕਰਵਾਈ ਜਾਵੇਗੀ।
ਦੂਜੇ ਪਾਸੇ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੈਂਪਸ ਦੇ ਵੱਖ-ਵੱਖ ਵਿਭਾਗਾਂ ਵਿੱਚ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਨਾਲ ਰਾਬਤਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਕੈਂਪਸ ਵਿੱਚ ਗੱਡੀਆਂ ਅਤੇ ਵਿਦਿਆਰਥੀਆਂ ਦੀ ਭੀੜ ਦਿਨੋ-ਦਿਨ ਵਧ ਰਹੀ ਹੈ ਅਤੇ ਲਗਭਗ ਸਾਰੇ ਵਿਭਾਗਾਂ ਦੀਆਂ ਕੰਟੀਨਾਂ ਵਿੱਚ ਵੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਬੈਠ ਕੇ ਵਿਦਿਆਰਥੀ ਆਪਸ ਵਿੱਚ ਚਰਚਾ ਕਰਦੇ ਹਨ।
ਵਿਦਿਆਰਥੀਆਂ ਦੇ ਵਹੀਕਲਾਂ ਲਈ ਜਾਰੀ ਹੋਣਗੇ ਸਟਿੱਕਰ
ਪੀਯੂ ਦੀ ਆਪਣੀ ਸਕਿਓਰਿਟੀ ਅਤੇ ਚੰਡੀਗੜ੍ਹ ਪੁਲੀਸ ਵੱਲੋਂ ਕੈਂਪਸ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਖੁਫ਼ੀਆ ਤੰਤਰ ਵੱਲੋਂ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਬਾਹਰੀ ਵਿਅਕਤੀ ਕੈਂਪਸ ਵਿੱਚ ਦਾਖ਼ਲ ਨਾ ਹੋ ਸਕਣ। ਕੈਂਪਸ ਵਿੱਚ ਬਾਹਰੋਂ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦਿਆਰਥੀਆਂ (ਡੇਅ-ਸਕਾਲਰਜ਼) ਦੇ ਵਹੀਕਲਾਂ ਸਟਿੱਕਰ ਜਾਰੀ ਕੀਤੇ ਜਾ ਰਹੇ ਹਨ ਅਤੇ ਸਟਿੱਕਰ ਤੋਂ ਬਗੈਰ ਕਿਸੇ ਵੀ ਵਹੀਕਲ ਨੂੰ ਕੈਂਪਸ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਡੀਐੱਸਡਬਲਿਊ ਪ੍ਰੋ. ਅਮਿਤ ਚੌਹਾਨ ਨੇ ਦੱਸਿਆ ਕਿ ਸਾਰੇ ਵਿਭਾਗਾਂ ਦੇ ਚੇਅਰਪਰਸਨਾਂ ਤੋਂ ਵਿਦਿਆਰਥੀਆਂ ਦੇ ਵਹੀਕਲਾਂ ਦੀਆਂ ਸੂਚੀਆਂ ਮੰਗ ਲਈਆਂ ਗਈਆਂ ਹਨ ਤਾਂ ਜੋ ਉਨ੍ਹਾਂ ਨੂੰ ਸਟਿੱਕਰ ਜਾਰੀ ਕੀਤੇ ਜਾ ਸਕਣ।