‘ਆਪ’ ਦੇ ਵਿਦਿਆਰਥੀ ਵਿੰਗ ਏਐੱਸਏਪੀ ਵੱਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ
ਆਮ ਆਦਮੀ ਪਾਰਟੀ (ਆਪ) ਦੇ ਵਿਦਿਆਰਥੀ ਵਿੰਗ ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ਏ.ਐਸ.ਏ.ਪੀ.) ਨੇ ਪੰਜਾਬ ਯੂਨੀਵਰਸਿਟੀ ਅਤੇ ਸਬੰਧਤ ਕਾਲਜਾਂ ਵਿੱਚ ਸਤੰਬਰ ਵਿੱਚ ਹੋਣ ਵਾਲੀਆਂ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਤਹਿਤ ਸੰਗਠਨ ਨੂੰ ਅੱਗੇ ਵਧਾਉਣ ਲਈ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਪਾਰਟੀ ਦੇ ਪ੍ਰਧਾਨ (ਚੰਡੀਗੜ੍ਹ) ਹਰਿੰਦਰ ਸਿੰਘ ਜੋਨੀ ਨੇ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨਾਲ ਸੰਗਠਨ ਮੰਤਰੀ ਕਵਲਪ੍ਰੀਤ ਸਿੰਘ ਜੱਜ, ਜਨਰਲ ਸਕੱਤਰ ਪ੍ਰਿੰਸ ਚੌਧਰੀ ਅਤੇ ਪਾਰਟੀ ਦੇ ਮੁੱਖ ਬੁਲਾਰੇ ਵਤਨਵੀਰ ਸਿੰਘ ਗਿੱਲ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਚੰਡੀਗੜ੍ਹ ਅਤੇ ਪੰਜਾਬ ਦੇ ਸਾਰੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਏਐਸਏਪੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਇਸ ਵਿੱਚ ਸ਼ਾਮਲ ਹੋਣ ਲਈ ਇੱਕ ਕਿਊ.ਆਰ. ਕੋਡ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਦਿਆਰਥੀ ਇਸ ਕੋਡ ਨੂੰ ਸਕੈਨ ਕਰ ਕੇ ਏ.ਐੱਸ.ਏ.ਪੀ. ਨਾਲ ਜੁੜ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਆਪਣੀਆਂ ਮੰਗਾਂ ਰੱਖ ਸਕਦੇ ਹਨ ਜਿਨ੍ਹਾਂ ਦੇ ਆਧਾਰ ’ਤੇ ਪਾਰਟੀ ਵੱਲੋਂ ਆਪਣਾ ਚੋਣ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ। ਜਨਰਲ ਸਕੱਤਰ ਪ੍ਰਿੰਸ ਚੌਧਰੀ ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਪੀ.ਯੂ. ਜਲਦ ਤੋਂ ਜਲਦ ਸਾਰੇ ਸਟੂਡੈਂਟਸ ਨੂੰ ਆਈ.ਡੀ. ਕਾਰਡ ਜਾਰੀ ਕਰੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੂੰ ਹਾਲੇ ਤੱਕ ਕਾਰਡ ਨਹੀਂ ਦਿੱਤੇ ਗਏ ਹਨ।
ਪੁਸੂ ਅਤੇ ਐੱਚਪੀਐੱਸਯੂ ਵੱਲੋਂ ਸਾਂਝੇ ਉਮੀਦਵਾਰ ਦਾ ਐਲਾਨ
Advertisementਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਿਦਿਆਰਥੀ ਜਥੇਬੰਦੀ ਪੂਸੂ ਵੱਲੋਂ ਐੱਚਪੀਐੱਸਯੂ ਨਾਲ ਮਿਲ ਕੇ ਸਾਂਝੇ ਤੌਰ ਉੱਤੇ ਉਮੀਦਵਾਰ ਆਰੀਅਨ ਵਰਮਾ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ, ਉਮੀਦਵਾਰ ਦੇ ਅਹੁਦੇ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪੁਸੂ ਸਮੇਤ ਦੋਵੇਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਮੀਦਵਾਰ ਨੂੰ ਕਿਹੜੇ ਅਹੁਦੇ ਲਈ ਖੜ੍ਹਾ ਕੀਤਾ ਜਾ ਰਿਹਾ ਹੈ, ਇਹ ਆਉਣ ਵਾਲੇ ਸਮੇਂ ’ਚ ਦੱਸਿਆ ਜਾਵੇਗਾ। ਪੁਸੂ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਹਿਮਾਚਲ ਪ੍ਰਦੇਸ਼ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਅਸੀਮ ਚਰਸ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਦੋਵੇਂ ਜਥੇਬੰਦੀਆਂ ਕਰਾਸ-ਵੋਟਿੰਗ ਸੱਭਿਆਚਾਰ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਪ੍ਰਧਾਨ ਅਸੀਮ ਚਰਸ ਨੇ ਕਿਹਾ ਕਿ ਇਹ ਸਿਰਫ਼ ਚੋਣਾਂ ਬਾਰੇ ਹੀ ਨਹੀਂ ਹੈ ਸਗੋਂ ਇੱਕ ਪਾਰਦਰਸ਼ੀ ਅਤੇ ਜਵਾਬਦੇਹ ਮਾਹੌਲ ਬਣਾਉਣ ਬਾਰੇ ਹੈ ਜਿੱਥੇ ਵਿਦਿਆਰਥੀਆਂ ਦੀਆਂ ਆਵਾਜ਼ਾਂ ਮਾਅਨੇ ਰੱਖਦੀਆਂ ਹਨ।