ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਵਿੱਚ ‘ਆਪ’ ਨੂੰ ਝਟਕਾ

ਗੱਠਜੋੜ ਕੋਲ ਬਹੁਮਤ ਹੋਣ ਦੇ ਬਾਵਜੂਦ ‘ਆਪ’ ਦਾ ਮੇਅਰ ਉਮੀਦਵਾਰ ਹਾਰਿਆ; ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜਿੱਤੇ
ਮੇਅਰ ਹਰਪ੍ਰੀਤ ਕੌਰ ਬਬਲਾ ਆਪਣੇ ਪਰਿਵਾਰ ਨਾਲ ਖੁਸ਼ੀ ਮਨਾਉਂਦੇ ਹੋਏ। -ਫੋਟੋ: ਰਵੀ ਕੁਮਾਰ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 30 ਜਨਵਰੀ

Advertisement

ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਛੇ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਦਾ ਰਾਜਧਾਨੀ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਿਆ ਹੈ। ਜਿੱਥੇ ਮੇਅਰ ਚੋਣ ਵਿੱਚ ਕਾਂਗਰਸ ਤੇ ‘ਆਪ’ ਦੇ ਗੱਠਜੋੜ ਕੋਲ ਬਹੁਮਤ ਹੋਣ ਦੇ ਬਾਵਜੂਦ ‘ਆਪ’ ਉਮੀਦਵਾਰ ਪ੍ਰੇਮਲਤਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਬਹੁਮਤ ਤੋਂ ਘੱਟ ਅੰਕੜਾ ਹੋਣ ਦੇ ਬਾਵਜੂਦ ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੇ ਜਿੱਤ ਦਰਜ ਕੀਤੀ ਹੈ। ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵਿੱਚ ਕਾਂਗਰਸ ਦੇ ਜਸਬੀਰ ਸਿੰਘ ਬੰਟੀ ਤੇ ਤਰੁਨਾ ਮਹਿਤਾ ਨੇ ਜਿੱਤ ਹਾਸਲ ਕੀਤੀ ਹੈ। ਚੰਡੀਗੜ੍ਹ ਵਿੱਚ ਪਿਛਲੇ ਸਾਲ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਵੀ ਕਾਂਗਰਸ ਤੇ ‘ਆਪ’ ਨੇ ਸਾਂਝੇ ਤੌਰ ’ਤੇ ਲੜੀ ਸੀ। ਉਸ ਦੌਰਾਨ ਗੱਠਜੋੜ ਵੱਲੋਂ ਮੇਅਰ ਲਈ ‘ਆਪ’ ਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਉਸ ਸਮੇਂ ‘ਆਪ’ ਦੇ ਕੁਲਦੀਪ ਕੁਮਾਰ ਨੇ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਵੀ ਕਾਂਗਰਸ ਤੇ ‘ਆਪ’ ਨੇ ਇੰਡੀਆ ਗੱਠਜੋੜ ਦੇ ਬੈਨਰ ਹੇਠ ਚੋਣ ਲਈ ਸੀ ਅਤੇ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਜਿੱਤ ਹਾਸਲ ਕੀਤੀ ਸੀ।

ਇਸੇ ਤਰ੍ਹਾਂ ਐਤਕੀਂ ਮੇਅਰ ਚੋਣ ਵਿੱਚ ਕਾਂਗਰਸ ਤੇ ‘ਆਪ’ ਵੱਲੋਂ ਗੱਠਜੋੜ ਵਿੱਚ ਚੋਣਾਂ ਲੜਦਿਆਂ ਮੇਅਰ ਲਈ ‘ਆਪ’ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਲਈ ਕਾਂਗਰਸ ਦੇ ਉਮੀਦਵਾਰਾਂ ਨੂੰ ਉਤਾਰਿਆ ਗਿਆ ਸੀ ਪਰ ਤਿੰਨ ਵੋਟਾਂ ਕਰਾਸ ਹੋਣ ਕਰਕੇ ਮੇਅਰ ਲਈ ‘ਆਪ’ ਦੇ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕਾਂਗਰਸ ਜਿੱਤ ਗਈ। ਜ਼ਿਕਰਯੋਗ ਹੈ ਕਿ ‘ਆਪ’ ਪੰਜਾਬ ਵਿੱਚ ਪੰਜ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਸਿਰਫ਼ ਪਟਿਆਲਾ ਵਿੱਚ ਹੀ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ, ਬਾਕੀ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਫਗਵਾੜਾ ਵਿੱਚ ਕਿਸੇ ਨੂੰ ਬਹੁਮਤ ਨਹੀਂ ਮਿਲਿਆ ਹੈ। ਇਨ੍ਹਾਂ ਵਿੱਚੋਂ ਵੀ ‘ਆਪ’ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਪਾਰਟੀ ਦਾ ਮੇਅਰ ਬਨਾਉਣ ਵਿੱਚ ਕਾਮਯਾਬ ਰਹੀ ਹੈ, ਜਦੋਂ ਕਿ ‘ਆਪ’ ਵੱਲੋਂ ਫਗਵਾੜਾ ਵਿੱਚ ਵੀ ਮੇਅਰ ਬਣਾਉਣ ਲਈ ਜ਼ੋਰ-ਸ਼ੋਰ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਅੰਮ੍ਰਿਤਸਰ ਵਿੱਚ ‘ਆਪ’ ਵੱਲੋਂ ਬਹੁਮਤ ਦੇ ਅੰਕੜੇ ਤੋਂ ਵਧੇਰੇ ਦੂਰ ਰਹਿਣ ਦੇ ਬਾਵਜੂਦ ਮੇਅਰ ਬਣਾਏ ਜਾਣ ਦਾ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਆਗੂਆਂ ਨੇ ਚੰਡੀਗੜ੍ਹ ਮੇਅਰ ਚੋਣ ਵਿੱਚ ‘ਆਪ’ ਦੇ ਮੇਅਰ ਉਮੀਦਵਾਰ ਤੋਂ ਸਮਰਥਨ ਤੱਕ ਵਾਪਸ ਲੈਣ ਦੀ ਮੰਗ ਕੀਤੀ ਸੀ। ਅੱਜ ਹੋਈ ਚੋਣ ਵਿੱਚ ਤਿੰਨ ਜਣਿਆਂ ਵੱਲੋਂ ਕਰਾਸ ਵੋਟ ਕਰਨ ਕਰਕੇ ‘ਆਪ’ ਦੇ ਮੇਅਰ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਮੇਅਰ ਚੋਣ ਵਿੱਚ ਭਾਜਪਾ-ਕਾਂਗਰਸ ਦਾ ਅਨੈਤਿਕ ਗੱਠਜੋੜ ਹੋਇਆ: ਚੀਮਾ

‘ਆਪ’ ਦੇ ਸੀਨੀਅਰ ਆਗੂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਕਾਂਗਰਸ ਤੇ ਭਾਜਪਾ ਵਿਚਾਲੇ ਅਨੈਤਿਕ ਗੱਠਜੋੜ ਹੋਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਕੌਂਸਲਰਾਂ ਨੇ ਆਪਣਾ ਧਰਮ ਨਿਭਾਇਆ। ਇਸੇ ਕਰਕੇ ਕੌਂਸਲਰਾਂ ਦੀਆਂ ਵੋਟਾਂ ਨਾਲ ਕਾਂਗਰਸ ਦੇ ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਬਣੇ। ਕਾਂਗਰਸ ਨੇ ‘ਆਪ’ ਨਾਲ ਧੋਖਾ ਕੀਤਾ ਹੈ। ਕਾਂਗਰਸੀ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ ਜਿਸ ਕਾਰਨ ਭਾਜਪਾ ਦਾ ਮੇਅਰ ਬਣਿਆ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਦੋਵੇਂ ਅੰਦਰਖਾਤੇ ਮਿਲੇ ਹੋਏ ਹਨ। ਦੋਵੇਂ ਪਾਰਟੀਆਂ ‘ਆਪ’ ਦੇ ਵਧਦੇ ਪ੍ਰਭਾਵ ਤੋਂ ਡਰੀਆਂ ਹੋਈਆਂ ਹਨ। ਉਹ ਦਿੱਲੀ ਵਿਧਾਨ ਸਭਾ ਚੋਣਾਂ ਵੀ ਇਕੱਠੇ ਲੜ ਰਹੇ ਹਨ ਪਰ ਇਸ ਵਾਰ ਵੀ ਦਿੱਲੀ ਵਿੱਚ ‘ਆਪ’ ਦੀ ਭਾਰੀ ਬਹੁਮਤ ਨਾਲ ਸਰਕਾਰ ਬਣ ਰਹੀ ਹੈ। ਦੂਜੇ ਪਾਸੇ ‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ, ਜਿਸ ਕਾਰਨ ਭਾਜਪਾ ਦਾ ਮੇਅਰ ਬਣਿਆ।

ਕਰਾਸ ਵੋਟਿੰਗ ਕਰਨ ਵਾਲਿਆਂ ਦਾ ਪਤਾ ਲਗਾਵਾਂਗੇ: ਲੱਕੀ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਕਰਾਸ ਵੋਟ ਕਰਨ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਇਸ ਬਾਰੇ ਮੰਥਨ ਕਰਨਗੀਆਂ ਅਤੇ ਮੇਅਰ ਚੋਣ ਵਿੱਚ ਕਰਾਸ ਵੋਟ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement