‘ਆਪ’ ਕੌਂਸਲਰਾਂ ਵੱਲੋਂ ਈਓ ਤੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ
ਸਥਾਨਕ ਨਗਰ ਕੌਂਸਲ ਦੀ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਪਾਸ ਕੀਤੇ ਮਤਿਆਂ ’ਤੇ ਰੋਕ ਲਗਾਉਣ ਲਈ ਕੌਂਸਲਰਾਂ ਦੇ ‘ਆਪ’ ਧੜੇ ਦੇ ਕੌਂਸਲਰਾਂ ਨੇ ਅੱਜ ਕਾਰਜਸਾਧਕ ਅਫ਼ਸਰ ਨੂੰ ਲਿਖਤੀ ਮੰਗ ਪੱਤਰ ਦਿੰਦਿਆਂ ਮਤਿਆਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ। ਕੌਂਸਲਰਾਂ ਨੇ ਇਹ ਮੰਗ ਪੱਤਰ ਮੰਤਰੀ, ਵਿਧਾਇਕ ਤੇ ਉੱਚ ਅਧਿਕਾਰੀਆਂ ਨੂੰ ਵੀ ਭੇਜਿਆ ਹੈ। ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਨੰਦੀਪਾਲ ਬਾਂਸਲ ਅਤੇ ਡਾ. ਅਸ਼ਵਨੀ ਸ਼ਰਮਾ, ਖੁਸਵੀਰ ਸਿੰਘ ਹੈਪੀ ਤੇ ਸਾਬਕਾ ਕੌਂਸਲਰ ਮੋਹਨ ਲਾਲ ਵਰਮਾ ਨੇ ਕਿਹਾ ਕਿ ਪਡਿਆਲਾ ਦੇ ਐੱਸਟੀਪੀ ਅਤੇ ਪ੍ਰਾਈਵੇਟ ਬਿਲਡਰਾਂ ਵੱਲੋਂ ਬਣਾਈਆਂ ਕਲੋਨੀਆਂ ਦੇ ਪਾਣੀ ਦੇ ਨਿਕਾਸ ਲਈ ਸ਼ਹਿਰ ਨੂੰ ਡੁਬੋਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬਹਾਦਰ ਸਿੰਘ ਓਕੇ ਤੇ ਹੋਰਨਾਂ ਨੇ ਦੱਸਿਆ ਕਿ ਇਹ ਮਤੇ ਪ੍ਰਧਾਨ ਤੋਂ ਇਲਾਵਾ ਕੇਵਲ ਪੰਜ ਕੌਂਸਲਰਾਂ ਦੀ ਪ੍ਰਵਾਨਗੀ ਨਾਲ ਪਾਸ ਕੀਤੇ ਗਏ ਜਦੋਂਕਿ ਸ਼ਹਿਰ ਦੇ 17 ਕੌਂਸਲਰ ਹਨ। ਉੱਧਰ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਜਨੀਸ਼ ਸੂਦ ਨੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਕੌਂਸਲਰਾਂ ਦੇ ਵਿਰੋਧ ਵਾਲਾ ਮੰਗ ਪੱਤਰ ਮਿਲਿਆ ਹੈ ਅਤੇ ਉਨ੍ਹਾਂ ਨੇ ਏਐੱਮਈ ਅਤੇ ਜੇਈ ਨੂੰ ਤੁਰੰਤ ਕਾਰਵਾਈ ਕਰ ਕੇ ਰਿਪੋਰਟ ਕਰਨ ਲਈ ਹੁਕਮ ਦਿੱਤੇ ਹਨ।