‘ਆਪ’ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਬਣਾਇਆ ਐੱਸਸੀ ਵਿੰਗ ਦਾ ਪੰਜਾਬ ਪ੍ਰਧਾਨ
ਆਮ ਆਦਮੀ ਪਾਰਟੀ ਪੰਜਾਬ ਨੇ ਆਪਣੇ ਐਸਸੀ ਵਿੰਗ ਦੇ ਪ੍ਰਧਾਨਾਂ, ਸਕੱਤਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਐਸਸੀ ਵਿੰਗ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਐਸਸੀ ਵਿੰਗ ਦੇ ਪ੍ਰਧਾਨ ਦੇ ਨਾਲ ਪਾਰਟੀ ਨੇ ਪੂਰੇ ਸੂਬੇ ਲਈ 10 ਸੂਬਾ ਸਕੱਤਰ ਵੀ ਨਿਯੁਕਤ ਕੀਤੇ ਹਨ। ਮਾਝਾ ਅਤੇ ਦੋਆਬਾ ਜ਼ੋਨਾਂ ਵਿੱਚ ਦੋ-ਦੋ ਸਕੱਤਰ ਨਿਯੁਕਤ ਕੀਤੇ ਹਨ। ਜਦੋਂ ਕਿ ਮਾਲਵਾ ਜ਼ੋਨ ਲਈ 6 ਸਕੱਤਰ ਨਿਯੁਕਤ ਕੀਤੇ ਗਏ ਹਨ।
ਦੋਆਬਾ ਜ਼ੋਨ ਲਈ ਜਰਨੈਲ ਨੰਗਲ ਅਤੇ ਰੌਬਿਨ ਕੁਮਾਰ ਸਾਂਪਲਾ ਨੂੰ ਸਕੱਤਰ ਅਤੇ ਰਵਿੰਦਰ ਹੰਸ ਅਤੇ ਠੇਕੇਦਾਰ ਅਮਰਜੀਤ ਸਿੰਘ ਨੂੰ ਮਾਝਾ ਜ਼ੋਨ ਲਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬਲਜਿੰਦਰ ਸਿੰਘ ਚੌਂਦਾ ਅਤੇ ਬਲੌਰ ਸਿੰਘ ਨੂੰ ਮਾਲਵਾ ਸੈਂਟਰਲ ਲਈ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾਲਵਾ ਪੂਰਬੀ ਲਈ ਅਮਰੀਕ ਸਿੰਘ ਬਾੰਗੜ ਅਤੇ ਕਪਿਲ ਟਾਂਕ, ਗੁਰਜੰਟ ਸਿੰਘ ਸਿਵੀਆਂ ਅਤੇ ਹਰਚਰਨ ਸਿੰਘ ਥੇਡੀ ਨੂੰ ਮਾਲਵਾ ਪੱਛਮੀ ਐਸਸੀ ਵਿੰਗ ਲਈ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਾਰਟੀ ਵੱਲੋਂ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਸਮੇਤ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ‘ਚ ਐਸ.ਸੀ. ਵਿੰਗ ਦੇ 28 ਜ਼ਿਲ੍ਹਾ ਇੰਚਾਰਜਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ। ਕਈ ਜ਼ਿਲ੍ਹਿਆਂ ਵਿੱਚ ਰੂਰਲ ਤੇ ਅਰਬਨ ਖੇਤਰਾਂ ਲਈ ਵੱਖ-ਵੱਖ ਜ਼ਿਲ੍ਹਾ ਇੰਚਾਰਜ ਲਗਾਏ ਗਏ ਹਨ। ਉੱਥੇ ਹੀ ਲੁਧਿਆਣੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਇਸ ਲਈ ਇਹ ਗਿਣਤੀ ਰਾਜ ਦੇ ਕੁੱਲ ਜ਼ਿਲ੍ਹਿਆਂ ਦੀ ਗਿਣਤੀ ਨਾਲੋਂ 5 ਵੱਧ ਹੈ।