ਮਲੇਸ਼ੀਆ ਤੋਂ ਘੁੰਮਣ ਆਏ ਨੌਜਵਾਨ ਦੀ ਹਾਦਸੇ ’ਚ ਮੌਤ
ਦੋ ਨੌਜਵਾਨ ਗੰਭੀਰ ਜ਼ਖ਼ਮੀ; ਏਅਰਪੋਰਟ ਰੋਡ ’ਤੇ ਵਾਪਰਿਆ ਹਾਦਸਾ
Advertisement
ਇੱਥੇ ਤੜਕੇ ਤਿੰਨ ਵਜੇ ਦੇ ਕਰੀਬ ਮੁਹਾਲੀ ਦੀ ਏਅਰਪੋਰਟ ਰੋਡ ਉੱਤੇ ਸੈਕਟਰ 70 ਵਿੱਚ ਪੈਂਦੇ ਕੂਹਣੀ ਮੋੜ ਉੱਤੇ ਇੱਕ ਸਕਾਰਪੀਓ ਗੱਡੀ ਰੇਲਿੰਗ ਨਾਲ ਟਕਰਾ ਕੇ ਪਲਟ ਗਈ ਤੇ ਬੇਕਾਬੂ ਹੋ ਕੇ ਕਾਫ਼ੀ ਦੂਰ ਜਾ ਡਿੱਗੀ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦੇ ਦੋ ਹੋਰ ਦੋਸਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ। ਮ੍ਰਿਤਕ ਅਤੇ ਜ਼ਖ਼ਮੀ ਤਿੰਨੋਂ ਜਣੇ ਜਗਰਾਉਂ ਦੇ ਵਸਨੀਕ ਸਨ।
ਮ੍ਰਿਤਕ ਦੇ ਚਾਚਾ ਜਗਪਾਲ ਸਿੰਘ ਨੇ ਦੱਸਿਆ ਜਸਵੀਰ ਸਿੰਘ (25) ਕੁੱਝ ਦਿਨ ਪਹਿਲਾਂ ਹੀ ਮਲੇਸ਼ੀਆ ਤੋਂ ਪਰਤਿਆ ਸੀ। ਉਨ੍ਹਾਂ ਦੱਸਿਆ ਕਿ ਉਸ ਨੇ ਦੋ-ਤਿੰਨ ਬਾਅਦ ਵਾਪਸ ਮਲੇਸ਼ੀਆ ਵਾਪਸ ਜਾਣਾ ਸੀ। ਉਨ੍ਹਾਂ ਦੱਸਿਆ ਕਿ ਤਿੰਨੋਂ ਗੂੜੇ ਦੋਸਤ ਸਨ ਅਤੇ ਘੁੰਮਣ ਫ਼ਿਰਨ ਲਈ ਮੁਹਾਲੀ ਆਏ ਹੋਏ ਸਨ ਤੇ ਵਾਪਸ ਚੰਡੀਗੜ੍ਹ ਜਾ ਰਹੇ ਸਨ। ਮ੍ਰਿਤਕ ਦੇ ਚਾਚੇ ਅਨੁਸਾਰ ਇਹ ਤਿੱਖਾ ਮੋੜ ਹੋਣ ਕਾਰਨ ਹੀ ਹਾਦਸਾ ਵਾਪਰਿਆ।
Advertisement
ਜ਼ਖ਼ਮੀਆਂ ਵਿੱਚ ਜਸਪੂਰਨ ਸਿੰਘ ਅਤੇ ਗੈਵਨ ਸਿੰਘ ਸ਼ਾਮਲ ਹਨ। ਇਨ੍ਹਾਂ ਨੌਜਵਾਨਾਂ ਦੀਆਂ ਚੰਡੀਗੜ੍ਹ ਦੇ ਸੈਕਟਰ 22 ਵਿੱਚ ਮੋਬਾਈਲ ਦੀਆਂ ਦੁਕਾਨਾਂ ਹਨ। ਹਾਦਸੇ ਵਿਚ ਗੱਡੀ ਵੀ ਕਾਫ਼ੀ ਨੁਕਸਾਨੀ ਗਈ। ਪੁਲੀਸ ਨੇ ਕੇਸ ਦਰਜ ਕਰਨ ਮਗਰੋਂ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲੀਸ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
Advertisement