ਮੰਦਰ ਦੀ ਉਸਾਰੀ ਲਈ ਪੰਜ ਲੱਖ ਦਾ ਚੈੱਕ
ਖਰੜ: ਇੱਥੇ ਦਸਹਿਰਾ ਗਰਾਊਂਡ ਵਿੱਚ ਇੱਕ ਸ਼ਾਮ ਪ੍ਰਭੂ ਸ੍ਰੀ ਰਾਮ ਕੇ ਨਾਮ ਧਾਰਮਿਕ ਸਮਾਗਮ ਵਿੱਚ ਰਣਜੀਤ ਸਿੰਘ ਗਿੱਲ ਨੇ ਸ਼ਿਰਕਤ ਕੀਤੀ। ਉਨ੍ਹਾਂ ਗਿਲਕੋ ਗਰੁੱਪ ਵੱਲੋਂ ਸ੍ਰੀ ਰਾਮ ਮੰਦਰ ਦੇ ਉਸਾਰੀ ਕਾਰਜਾਂ ਲਈ 5 ਲੱਖ ਦਾ ਚੈੱਕ ਭੇਟ ਕੀਤਾ। ਸ੍ਰੀ ਗਿੱਲ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਰੜ ਸ਼ਹਿਰ ਵਿੱਚ ਮਹਾਰਾਜਾ ਅੱਜ ਸਰੋਵਰ ਦੀ ਇਸ ਪਵਿੱਤਰ ਧਰਤੀ ਉੱਤੇ ਭਗਵਾਨ ਰਾਮ ਜੀ ਦਾ ਇੱਕ ਵਿਸ਼ਾਲ ਮੰਦਿਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਮ ਅਜੇ ਸ਼ੁਰੂ ਹੋਇਆ ਹੈ ਤੇ ਮੰਜ਼ਿਲ ਦੂਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮੰਦਰ ਦੀ ਉਸਾਰੀ ਲਈ ਯਤਨ ਕਰਨੇ ਚਾਹੀਦੇ ਹਨ। -ਪੱਤਰ ਪ੍ਰੇਰਕ
ਵਿਦਿਆਰਥੀਆਂ ਨੂੰ ਕਰੀਅਰ ਸਬੰਧੀ ਜਾਗਰੂਕ ਕੀਤਾ
ਮੰਡੀ ਗੋਬਿੰਦਗੜ੍ਹ: ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਨਰਸਿੰਗ ਵੱਲੋਂ ‘ਐਲੀਵੇਟ: ਯੂਅਰ ਕਰੀਅਰ ਜਰਨੀ’ ਸਿਰਲੇਖ ਵਾਲਾ ਪ੍ਰੇਰਨਾਦਾਇਕ ਅਤੇ ਕਰੀਅਰ-ਕੇਂਦ੍ਰਿਤ ਸੈਸ਼ਨ ਕਰਵਾਇਆ ਗਿਆ। ਸਮਾਗਮ ਵਿੱਚ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਸ਼ਿਰਕਤ ਕੀਤੀ। ਸੈਸ਼ਨ ਦੀ ਸ਼ੁਰੂਆਤ ਸਕੂਲ ਆਫ ਨਰਸਿੰਗ ਦੀ ਪ੍ਰਿੰਸੀਪਲ ਡਾ. ਲਵਸੰਪੂਰਨਜੋਤ ਕੌਰ ਅਤੇ ਵਿਭਾਗ ਮੁਖੀ ਡਾ. ਪ੍ਰਭਜੋਤ ਸਿੰਘ ਵੱਲੋਂ ਸਵਾਗਤ ਨਾਲ ਹੋਈ। ਪ੍ਰੋਗਰਾਮ ਦੌਰਾਨ ਨਵਕਿਰਨ ਨੇ ਸੰਬੋਧਨ ਕੀਤਾ। ਪ੍ਰੋਗਰਾਮ ਵਿਚ ਬੀਐੱਸਸੀ ਨਰਸਿੰਗ ਅਤੇ ਜੀਐੱਨਐੱਮ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਤਾਲਮੇਲ ਪ੍ਰੋ. ਰਵੀਦੀਪ ਕੌਰ, ਸੁਨੈਨਾ ਸ਼ਰਮਾ, ਭੁਪਿੰਦਰ ਕੌਰ ਅਤੇ ਲਵਪ੍ਰੀਤ ਕੌਰ ਵੱਲੋਂ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ
ਨਵੀਂ ਸਵੇਰ ਪਾਠਸ਼ਾਲਾ ਵੱਲੋਂ ਬੱਚਿਆਂ ਲਈ ਕੈਂਪ
ਚੰਡੀਗੜ੍ਹ: ਨਵੀਂ ਸਵੇਰ ਪਾਠਸ਼ਾਲਾ ਵੱਲੋਂ ਵਿਦਿਆਰਥੀ ਜਥੇਬੰਦੀ ਪੀਐੱਸਯੂ (ਲਲਕਾਰ) ਦੇ ਸਹਿਯੋਗ ਨਾਲ਼ ਲਗਾਇਆ ਗਿਆ ਸੱਤ ਰੋਜ਼ਾ ਬਾਲ ਸਿਰਜਣਾਤਮਕਤਾ ਕੈਂਪ ਸਮਾਪਤ ਹੋ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਕਟਰ-25 ਸਥਿਤ ਕੈਂਪਸ ਵਿੱਚ 2 ਤੋਂ 8 ਜੂਨ ਤੱਕ ਲਗਾਏ ਕੈਂਪ ਵਿੱਚ ਬੱਚਿਆਂ ਨੂੰ ਗੀਤ-ਸੰਗੀਤ, ਨਾਟਕ, ਭੰਗੜਾ, ਨਾਚ ਕਵਿਤਾ ਬਾਰੇ ਸਿਖਾਇਆ ਗਿਆ। ਅਖੀਰਲੇ ਦਿਨ ਬੱਚਿਆਂ ਨੇ ਵੱਖ ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਨਵੀਂ ਸਵੇਰ ਪਾਠਸ਼ਾਲਾ ਦੇ ਕੰਮ ਕਰਨ ਦੇ ਢੰਗ ਅਤੇ ਮਕਸਦ ਬਾਰੇ ਪੁਸ਼ਪਿੰਦਰ ਨੇ ਦੱਸਿਆ। ਸਮਾਪਤੀ ’ਤੇ ਬੱਚਿਆਂ ਨੂੰ ਸਰਟੀਫਿਕੇਟ, ਕਿਤਾਬਾਂ ਅਤੇ ਬਾਲ ਰਸਾਲਾ ‘ਜੁਗਨੂੰ’ ਦਿੱਤਾ ਗਿਆ। ਮਾਪਿਆਂ ਨੇ ਸਾਰੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦਾ ਸੰਚਾਲਨ ਜੋਬਨ ਵੱਲੋਂ ਕੀਤਾ ਗਿਆ। -ਪੱਤਰ ਪ੍ਰੇਰਕ
ਪਤੀ-ਪਤਨੀ ਨਸ਼ੀਲੇ ਪਦਾਰਥ ਸਣੇ ਕਾਬੂ
ਚਮਕੌਰ ਸਾਹਿਬ: ਚਮਕੌਰ ਸਾਹਿਬ ਪੁਲੀਸ ਨੇ ਪਿੰਡ ਫਤਿਹਪੁਰ ਵਾਸੀ ਪਤੀ ਪਤਨੀ ਕੋਲੋਂ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏਐਸਆਈ ਸ਼ਿੰਦਰਪਾਲ ਨੇ ਟੀਮ ਸਣੇ ਇਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ। -ਨਿੱਜੀ ਪੱਤਰ ਪ੍ਰੇਰਕ
ਵਿਸ਼ਵ ਵਾਤਾਵਰਨ ਦਿਵਸ ਸਬੰਧੀ ਸਮਾਗਮ
ਫ਼ਤਹਿਗੜ੍ਹ ਸਾਹਿਬ: ਯੂਨੀਵਰਸਿਟੀ ਸਕੂਲ ਆਫ ਲਾਅ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਇਆ। ਸਮਾਗਮ ਦੇ ਮੁੱਖ-ਮਹਿਮਾਨ ਸੀਜੇਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਸ਼ੋਕ ਕੁਮਾਰ ਚੌਹਾਨ ਨੇ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਪ੍ਰੋ. (ਡਾ.) ਅਮਿਤਾ ਕੌਸ਼ਲ ਨੇ ਕਿਹਾ ਕਿ ਗ੍ਰਹਿ ਨੂੰ ਪਲਾਸਟਿਕ ਪ੍ਰਦੂਸ਼ਣ ਤੋਂ ਮੁਕਤ ਕਰਨਾ ਜ਼ਰੂਰੀ ਹੈ। ਵਾਈਸ ਚਾਂਸਲਰ, ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਨੇ ਵੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਨਵਨੀਤ ਕੌਰ ਨੇ ਧੰਨਵਾਦ ਕੀਤਾ। ਇਸ ਮੌਕੇ ਕੁਇਜ਼ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ। -ਨਿੱਜੀ ਪੱਤਰ ਪ੍ਰੇਰਕ
ਨੌਜਵਾਨਾਂ ਤੇ ‘ਆਪ’ ਆਗੂ ਵੱਲੋਂ ਲੋੜਵੰਦ ਪਰਿਵਾਰ ਦੀ ਮਦਦ
ਮੋਰਿੰਡਾ: ਪਿੰਡ ਸਮਾਣਾ ਖੁਰਦ ਦੇ ਜ਼ਰੂਰਤਮੰਦ ਪਰਿਵਾਰ ਦੇ ਢਹਿਣ ਕਿਨਾਰੇ ਮਕਾਨ ਦਾ ਕੰਮ ਅੱਜ ‘ਆਪ’ ਦੇ ਸੀਨੀਅਰ ਆਗੂ ਬੀਰ ਦਵਿੰਦਰ ਸਿੰਘ ਬੱਲਾਂ ਦੀ ਅਗਵਾਈ ਵਿੱਚ ਇਲਾਕੇ ਦੇ ਨੌਜਵਾਨਾਂ ਵੱਲੋਂ ਸ਼ੁਰੂ ਕਰਵਾਇਆ ਗਿਆ। ਸ੍ਰੀ ਬੱਲਾਂ ਨੇ ਦੱਸਿਆ ਕਿ ਪਿੰਡ ਰੁੜਕੀ ਹੀਰਾਂ ਦੇ ਨੌਜਵਾਨਾਂ ਨੇ ਪੀੜਤ ਪਰਿਵਾਰ ਦੀ ਹਾਲਤ ਬਾਰੇ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਸੀ। ਇਸ ਮੌਕੇ ਕੇਸਰ ਸਿੰਘ ਸਮਾਣਾ ਕਲਾਂ, ਗੁਰਪ੍ਰੀਤ ਸਿੰਘ ਫ਼ੌਜੀ ਸਰਪੰਚ ਅਮਰਾਲੀ, ਪਰਮਜੀਤ ਸਿੰਘ ਸਰਪੰਚ ਭੂਰੜੇ, ਲੱਕੀ ਸਰਪੰਚ ਕਜੌਲੀ, ਸਤਨਾਮ ਸਿੰਘ ਪੰਚ ਅਤੇ ਯੂਥ ਕਲੱਬ ਰੁੜਕੀ ਹੀਰਾਂ ਦੇ ਮੈਂਬਰ, ਅਰਸ਼ ਧਨੋਆ ਆਦਿ ਸ਼ਾਮਲ ਸਨ। -ਪੱਤਰ ਪ੍ਰੇਰਕ
ਬਰਦਾਰ ਵਿੱਚ 24ਵਾਂ ਭਗਵਤੀ ਜਾਗਰਨ
ਰੂਪਨਗਰ: ਜ਼ਿਲ੍ਹੇ ਦੇ ਘਾੜ ਇਲਾਕੇ ਦੇ ਪਿੰਡ ਬਰਦਾਰ ਦੇ ਮਾਂ ਮਨਸ਼ਾ ਦੇਵੀ ਮੰਦਰ ਵਿੱਚ 24ਵਾਂ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਗਿਆ। ਮੰਦਰ ਦੇ ਮੁੱਖ ਪ੍ਰਬੰਧਕ ਰਾਮ ਪ੍ਰਤਾਪ ਗਿਰੀ ਤੋਂ ਇਲਾਵਾ ਮੌਜੂਦਾ ਸਰਪੰਚ ਭਾਗ ਸਿੰਘ ਅਤੇ ਸਾਬਕਾ ਸਰਪੰਚ ਹੇਤ ਰਾਮ ਦੀ ਦੇਖ-ਰੇਖ ਅਧੀਨ ਕਰਵਾਏ ਸਮਾਗਮ ਦੌਰਾਨ ਸ਼ਾਮ ਵੇਲੇ ਵੀਨਸ ਵੋਹਰਾ ਨੇ ਜੋਤੀ ਪ੍ਰਚੰਡ ਕੀਤੀ। ਇਸ ਉਪਰੰਤ ਗੁਰਬਖਸ਼ ਸ਼ੌਕੀ, ਜਸਮੇਰ ਮੀਆਂਪੁਰੀ, ਲਖਵੀਰ ਲੱਖਾ, ਰਵਿੰਦਰ ਬਿੱਲਾ, ਰਿੰਕੂ ਬਾਗਵਾਲੀ, ਅਵਤਾਰ ਰੰਗੀਲਾ, ਮਨਤਾਜ ਗਿੱਲ, ਚੰਨਾ ਕਿਸ਼ਨਪੁਰੀਆ, ਸੱਜਣ ਅਕਬਰਪੁਰੀ, ਅਭੀਜੀਤ, ਸ਼ਹਿਜ਼ਾਦੀ ਨੈਣਾਂ, ਬੌਵੀ ਧਵਨ ਆਦਿ ਨੇ ਭੇਟਾਂ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਭਾਜਪਾ ਆਗੂ ਅਜੈਵੀਰ ਸਿੰਘ ਲਾਲਪੁਰਾ, ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਪ੍ਰੇਮ ਚੌਧਰੀ, ਦੀਪਕ ਗੁਪਤਾ ਤੇ ਜਸਵੀਰ ਸਿੰਘ ਪੜੀ ਨੇ ਹਾਜ਼ਰੀ ਲਗਵਾਈ। -ਪੱਤਰ ਪ੍ਰੇਰਕ