ਮੈਰੀਟੋਰੀਅਸ ਸਕੂਲ ’ਚ 600 ਵਿਦਿਆਰਥੀ ਲੈ ਰਹੇ ਨੇ ਕੋਚਿੰਗ
ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ ਨਗਰ (ਮੁਹਾਲੀ) 24 ਜੂਨ
ਮੁਹਾਲੀ ਦੇ ਸੈਕਟਰ 70 ਦੇ ਮੈਰੀਟੋਰੀਅਸ ਸਕੂਲ ਵਿੱਚ ਸਮਰ ਕੈਂਪ ਲਾ ਕੇ ਸੂਬੇ ਦੇ ਛੇ ਜ਼ਿਲ੍ਹਿਆਂ ਦੇ 600 ਵਿਦਿਆਰਥੀਆਂ ਨੂੰ ਜੇਈਟੀ ਅਤੇ ਨੀਟ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਛੇ ਜੂਨ ਨੂੰ ਆਰੰਭ ਹੋਇਆ ਇਹ ਕੈਂਪ 28 ਜੂਨ ਨੂੰ ਸਮਾਪਤ ਹੋਵੇਗਾ। ਕੈਂਪ ਵਿਚ ਸ਼ਾਮਲ ਬੱਚਿਆਂ ਦੇ ਮਾਪਿਆਂ ਨਾਲ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਮਿਲਣੀ ਕੀਤੀ ਗਈ।
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅੰਗਰੇਜ਼ ਸਿੰਘ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਿਲਣੀ ਦਾ ਮੰਤਵ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਵਿਚਲੀ ਦੂਰੀ ਖ਼ਤਮ ਕਰਨਾ ਹੈ, ਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਅਤੇ ਉਨ੍ਹਾਂ ਨੂੰ ਸਹੀ ਦਿਸ਼ਾ ‘ਚ ਅੱਗੇ ਵਧਾਉਣ ਲਈ ਹਾਂ ਪੱਖੀ ਚਰਚਾ ਕਰਨਾ ਹੈ।
ਡਿਪਟੀ ਡੀਈਓ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਵੀ ਹੁਣ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਹਾਸਲ ਹੋ ਰਹੀ ਹੈ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੀ ਲਾਇਬ੍ਰੇਰੀ, ਸਾਇੰਸ ਲੈਬ ਅਤੇ ਕਲਾਸ ਰੂਮਾਂ ’ਤੇ ਉਨ੍ਹਾਂ ਤਸੱਲੀ ਪ੍ਰਗਟਾਈ।