ਮੁਹਾਲੀ ਜ਼ਿਲ੍ਹੇ ਵਿੱਚ 54.93 ਫ਼ੀਸਦੀ ਵੋਟਾਂ ਪਈਆਂ
ਮੁਹਾਲੀ ਜ਼ਿਲ੍ਹੇ ਦੇ ਖਰੜ, ਮਾਜਰੀ ਅਤੇ ਡੇਰਾਬੱਸੀ ਬਲਾਕਾਂ ਵਿੱਚ ਪੰਚਾਇਤ ਸਮਿਤੀ ਚੋਣਾਂ ਐਤਵਾਰ ਸ਼ਾਮ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਮੁਕੰਮਲ ਹੋ ਗਈਆਂ ਜਿਨ੍ਹਾਂ ਵਿੱਚ ਕੁੱਲ 54.93 ਫੀਸਦੀ ਵੋਟਾਂ ਪਈਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦਿੱਤੀ।
ਬਲਾਕ ਵਾਰ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਖਰੜ ਵਿੱਚ 49.95 ਫੀਸਦੀ, ਡੇਰਾਬੱਸੀ ਵਿੱਚ 56.31 ਫੀਸਦੀ ਅਤੇ ਮਾਜਰੀ ਵਿੱਚ 56.86 ਫੀਸਦੀ ਮਤਦਾਨ ਦਰਜ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਰੀਆਂ ਪੋਲਿੰਗ ਪਾਰਟੀਆਂ ਸੁਰੱਖਿਅਤ ਤੌਰ ’ਤੇ ਵਾਪਸ ਪਹੁੰਚ ਗਈਆਂ ਹਨ ਅਤੇ ਬੈਲੇਟ ਬਾਕਸ ਡੇਰਾਬੱਸੀ ਅਤੇ ਸਰਕਾਰੀ ਪਾਲੀਟੈਕਨਿਕ ਕਾਲਜ, ਖੂਨੀਮਾਜਰਾ (ਖਰੜ ਅਤੇ ਮਾਜਰੀ ਬਲਾਕਾਂ ਲਈ) ਵਿਖੇ ਬਣਾਏ ਗਏ ਕੁਲੈਕਸ਼ਨ ਸੈਂਟਰਾਂ/ਸਟ੍ਰਾਂਗ ਰੂਮਾਂ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੂਰੀ ਪੋਲਿੰਗ ਪ੍ਰਕਿਰਿਆ ਦੌਰਾਨ ਸਭ ਕੁਝ ਸੁਚੱਜੇ ਢੰਗ ਨਾਲ ਚੱਲਿਆ ਅਤੇ ਵੋਟਿੰਗ ਦੇ ਸਮਾਪਤ ਹੋਣ ਤੱਕ ਕਿਸੇ ਵੀ ਤਰ੍ਹਾਂ ਦੀ ਕਾਨੂੰਨ-ਵਿਵਸਥਾ ਦੀ ਸਮੱਸਿਆ ਰਿਪੋਰਟ ਨਹੀਂ ਹੋਈ।
ਸਾਰੇ ਰਾਜਨੀਤਿਕ ਦਲਾਂ, ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਵੋਟਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਸ਼੍ਰੀਮਤੀ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਚੇਤ ਰਹੇ। ਉਨ੍ਹਾਂ ਨੇ ਨਿਰਪੱਖ, ਆਜ਼ਾਦ ਅਤੇ ਨਿਆਂਪੂਰਕ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਚੋਣ ਡਿਊਟੀ ’ਤੇ ਤਾਇਨਾਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਵੀ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਰਕਾਰੀ ਕਾਲਜ, ਡੇਰਾਬੱਸੀ ਅਤੇ ਸਰਕਾਰੀ ਪਾਲੀਟੈਕਨਿਕ ਕਾਲਜ, ਖੂਨੀਮਾਜਰਾ ਵਿੱਚ ਕੀਤੀ ਜਾਵੇਗੀ। ਉਸ ਸਮੇਂ ਤੱਕ ਬੈਲੇਟ ਬਾਕਸ ਸਖਤ ਸੁਰੱਖਿਆ ਹੇਠ ਰੱਖੇ ਜਾਣਗੇ।
