ਭਾਖੜਾ ਡੈਮ ਵਿੱਚੋਂ 5000 ਕਿਊਸਿਕ ਪਾਣੀ ਛੱਡਿਆ
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਕਰਕੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸ ਸਮੇਂ ਪਾਣੀ ਖਤਰੇ ਦੇ ਨਿਸ਼ਾਨ ਤੋਂ ਸਿਰਫ ਦੋ ਫੁੱਟ ਹੇਠਾਂ 1678 ਫੁੱਟ ਉੱਤੇ ਪਹੁੰਚ ਗਿਆ ਹੈ। ਖਤਰੇ ਦਾ ਨਿਸ਼ਾਨ 1680 ਫੁੱਟ ਉੱਤੇ ਹੈ।
ਭਾਖੜਾ ਡੈਮ ਵਿੱਚ ਪਾਣੀ ਨੂੰ ਤੇਜ਼ੀ ਨਾਲ ਵੱਧਦਾ ਦੇਖ ਡੈਮ ਵਿੱਚੋਂ ਪਹਿਲਾਂ ਨਾਲੋਂ ਵੱਧ ਪਾਣੀ ਸਤਲੁਜ ਵਿੱਚ ਛੱਡ ਦਿੱਤਾ ਹੈ। ਇਸ ਨਾਲ ਸਤਲੁਜ ਦੇ ਕੰਢੇ ਵਸੇ ਪਿੰਡਾਂ ਵਿੱਚ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਚਾਰ ਪੰਜ ਘੰਟਿਆਂ ਤੋਂ ਲਗਾਤਾਰ ਪੈ ਰਹੀ ਭਾਰੀ ਮੀਂਹ ਕਰਕੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1678 ਫੁੱਟ ’ਤੇ ਪਹੁੰਚ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਦੇ ਬਹੁਤ ਨਜ਼ਦੀਕ ਹੈ ਇਸੇ ਕਰਕੇ ਭਾਖੜਾ ਡੈਮ ਵਿੱਚੋਂ 5000 ਕਿਊਸਿਕ ਹੋਰ ਵਾਧੂ ਪਾਣੀ ਛੱਡ ਦਿੱਤਾ ਹੈ।
ਉਨ੍ਹਾਂ ਨੇ ਸਤਲੁਜ ਦਰਿਆ ਦੇ ਕੰਢੇ ਵਸੇ ਪਿੰਡਾਂ ਦੇ ਸਰਪੰਚਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਸਮੇਂ ਚੌਕਸ ਰਹਿਣ ਅਤੇ ਸੁਰੱਖਿਅਤ ਥਾਵਾਂ ਉੱਤੇ ਜਾਣ, ਕਿਉਂਕਿ ਕਿਸੇ ਵੀ ਸਮੇਂ ਪਾਣੀ ਉਨ੍ਹਾਂ ਦੇ ਇਲਾਕੇ ਵਿੱਚ ਮਾਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰ ਸਮੇਂ ਪੰਜਾਬ ਦੇ ਡੈਮਾਂ ਅਤੇ ਦਰਿਆਵਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।