‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਤਹਿਤ 50 ਹਜ਼ਾਰ ਦਸਤਖ਼ਤ
ਚੰਡੀਗੜ੍ਹ ਕਾਂਗਰਸ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ‘ਵੋਟ ਚੋਰ, ਗੱਦੀ ਛੱਡ’ ਦੇ ਦੋਸ਼ ਲਗਾਉਂਦਿਆਂ ਸ਼ੁਰੂ ਕੀਤੀ ਦਸਤਖ਼ਤ ਮੁਹਿੰਮ ਤਹਿਤ ਚੰਡੀਗੜ੍ਹ ਵਿੱਚੋਂ 50 ਹਜ਼ਾਰ ਲੋਕਾਂ ਦੇ ਦਸਤਖ਼ਤ ਕਰਵਾਏ ਹਨ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ ਐੱਸ ਲੱਕੀ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਅੱਜ ਇਨ੍ਹਾਂ ਫਾਰਮਾਂ ਨੂੰ ਪਾਰਟੀ ਦੇ ਦਿੱਲੀ ਮੁੱਖ ਦਫ਼ਤਰ ਭੇਜਿਆ ਗਿਆ। ਚੰਡੀਗੜ੍ਹ ਕਾਂਗਰਸ ਪ੍ਰਧਾਨ ਐੱਚ ਐੱਸ ਲੱਕੀ ਨੇ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਭਰ ਵਿੱਚੋਂ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਤਹਿਤ 5 ਕਰੋੜ ਤੋਂ ਵੱਧ ਲੋਕਾਂ ਦੇ ਦਸਤਖ਼ਤ ਕਰਵਾਏ ਜਾਣਗੇ, ਜਿਸ ਤੋਂ ਬਾਅਦ ਇਹ ਦਸਤਖ਼ਤ ਰਾਸ਼ਟਰਪਤੀ ਨੂੰ ਸੌਂਪੇ ਜਾਣਗੇ, ਤਾਂ ਜੋ ਭਾਜਪਾ ਤੇ ਮੋਦੀ ਸਰਕਾਰ ਨੂੰ ਲੋਕਤੰਤਰ ’ਤੇ ਲਗਾਤਾਰ ਹੋ ਰਹੇ ਹਮਲਿਆਂ, ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਅਤੇ ਚੋਣ ਪ੍ਰਕਿਰਿਆ ਵਿੱਚ ਹੋ ਰਹੀ ਹੇਰਾਫੇਰੀ ਲਈ ਜਵਾਬਦੇਹ ਠਹਿਰਾਇਆ ਜਾ ਸਕੇ। ਇਸ ਦੇ ਨਾਲ ਹੀ ਕੇਂਦਰ ਵਿੱਚ ਕਾਬਜ਼ ਮੋਦੀ ਸਰਕਾਰ ਤੋਂ ਅਸਤੀਫ਼ਾ ਲਿਆ ਜਾ ਸਕੇ।
ਸ੍ਰੀ ਲੱਕੀ ਨੇ ਭਾਜਪਾ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸਿਆਸੀ ਫਾਇਦੇ ਲਈ ਭਾਰਤ ਚੋਣ ਕਮਿਸ਼ਨ ਵਰਗੀਆਂ ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੀਤੇ ਤਾਜ਼ਾ ਖੁਲਾਸੇ ਤੋਂ ਬਾਅਦ ਚੋਣ ਕਮਿਸ਼ਨ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਹੋ ਗਏ ਹਨ। ਚੋਣ ਕਮਿਸ਼ਨ, ਜੋ ਕਿ ਮੁਕਤ ਅਤੇ ਨਿਰਪੱਖ ਚੋਣਾਂ ਦਾ ਰਖਵਾਲਾ ਹੋਣਾ ਚਾਹੀਦਾ ਸੀ, ਹੁਣ ਚੋਣ ਕਮਿਸ਼ਨ ਵੀ ਭਾਜਪਾ ਦੀ ਰਾਜਨੀਤਿਕ ਮਸ਼ੀਨਰੀ ਦਾ ਹਿੱਸਾ ਬਣ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਭਰ ਵਿੱਚ ਆਪਣੀ ਮੁਹਿੰਮ ਜਾਰੀ ਰੱਖੇਗੀ ਤਾਂ ਜੋ ਲੋਕਤੰਤਰਕ ਸੰਸਥਾਵਾਂ ’ਚ ਲੋਕਾਂ ਦਾ ਭਰੋਸਾ ਮੁੜ ਕਾਇਮ ਕੀਤਾ ਜਾ ਸਕੇ ਅਤੇ ਭਾਜਪਾ ਦੀ ਗ਼ੈਰ-ਸੰਵਿਧਾਨਕ ਤੇ ਗ਼ਲਤ ਹਰਕਤਾਂ ਨੂੰ ਬੇਨਕਾਬ ਕੀਤਾ ਜਾ ਸਕੇ। ਐੱਚ ਐੱਸ ਲੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਕਰਕੇ ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਦੀ ਦਸਤਖ਼ਤ ਮੁਹਿੰਮ ਵਿੱਚ ਵੀ ਹਿੱਸਾ ਲੈ ਰਹੇ ਹਨ। ਇਨ੍ਹਾਂ ਲੋਕਾਂ ਦਾ ਭਰੋਸਾ ਭਾਜਪਾ ਦੇ ਸਵਾਰਥੀ ਰਾਜਨੀਤਿਕ ਖੇਡਾਂ ਕਾਰਨ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜਵਾਬਦੇਹੀ ਅਤੇ ਨਿਆਂ ਬਹਾਲ ਨਹੀਂ ਹੁੰਦੇ, ਉੱਦੋਂ ਤੱਕ ਕਾਂਗਰਸ ਚੁੱਪ ਕਰਕੇ ਨਹੀਂ ਬੈਠੇਗੀ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਰਹੇ।
