ਬਾਪੂ ਧਾਮ ਕਲੋਨੀ ’ਚੋਂ 450 ਕਿਲੋ ਨਕਲੀ ਪਨੀਰ ਮਿਲਿਆ
ਚੰਡੀਗੜ੍ਹ, 11 ਜੂਨ
ਸਿਹਤ-ਕਮ-ਕਮਿਸ਼ਨਰ ਫੂਡ ਸੇਫਟੀ, ਚੰਡੀਗੜ੍ਹ ਪ੍ਰਸ਼ਾਸਨ ਦੇ ਨਿਰਦੇਸ਼ਾਂ ਹੇਠ ਫੂਡ ਸੇਫਟੀ ਪ੍ਰਸ਼ਾਸਨ, ਸਿਹਤ ਵਿਭਾਗ ਨੇ ਅੱਜ ਸਵੇਰੇ ਸੈਕਟਰ-26, ਚੰਡੀਗੜ੍ਹ ਦੇ ਬਾਪੂ ਧਾਮ ਕਾਲੋਨੀ ਵਿੱਚ ਅਚਾਨਕ ਛਾਪਾ ਮਾਰਿਆ।
ਮੁੱਖ ਸਕੱਤਰ ਚੰਡੀਗੜ੍ਹ ਪ੍ਰਸ਼ਾਸਨ ਦੀ ਅਗਵਾਈ ਹੇਠ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਬਾਪੂ ਧਾਮ ਕਲੋਨੀ ਦੇ ਇੱਕ ਮਕਾਨ ਵਿੱਚ ਚੱਲ ਰਹੀ ਦੁਕਾਨ ’ਤੇ ਲਗਭਗ 450 ਕਿਲੋ ਪਨੀਰ ਮਿਲਿਆ। ਦੁਕਾਨ ਦੇ ਬਾਹਰ ਖੜ੍ਹੀ ਪਿਕਅੱਪ ਜੀਪ ਵਿੱਚੋਂ ਕੁਝ ਪਨੀਰ ਵੀ ਮਿਲਿਆ।
ਫੂਡ ਸੇਫਟੀ ਅਫਸਰ ਨੇ ਦੁਕਾਨ ਦੇ ਨਾਲ-ਨਾਲ ਪਿਕਅੱਪ ਜੀਪ ਤੋਂ ਪਨੀਰ ਦੇ ਨਮੂਨੇ ਜ਼ਬਤ ਕੀਤੇ। ਇਸ ਦੇ ਨਾਲ ਹੀ ਦੇਸੀ ਘਿਓ ਅਤੇ ਦਹੀ ਦੇ ਨਮੂਨੇ ਵੀ ਲਏ ਗਏ। ਨਮੂਨਿਆਂ ਦਾ ਐੱਫਐੱਸਐੱਸਏਆਈ ਦੁਆਰਾ ਅਧਿਕਾਰਤ ਫੂਡ ਐਨਾਲਿਸਟ ਲੈਬਾਰਟਰੀ ਦੁਆਰਾ ਸਮੇਂ ਸਿਰ ਵਿਸ਼ਲੇਸ਼ਣ ਕੀਤਾ ਜਾਵੇਗਾ ਅਤੇ ਜੇਕਰ ਇਹ ਮਾਪਦੰਡਾਂ ਦੇ ਅਨੁਸਾਰ ਨਹੀਂ ਪਾਏ ਜਾਂਦੇ ਤਾਂ ਫੂਡ ਬਿਜ਼ਨਸ ਆਪਰੇਟਰ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਅਹਾਤੇ ਵਿੱਚੋਂ ਪਨੀਰ ਦਾ ਸਾਰਾ ਸਟਾਕ ਜ਼ਬਤ ਕਰ ਲਿਆ ਗਿਆ ਹੈ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਅਧੀਨ ਪ੍ਰਾਵਧਾਨਾਂ ਅਨੁਸਾਰ ਫੂਡ ਬਿਜ਼ਨਸ ਆਪਰੇਟਰ ਦੀ ਹਿਰਾਸਤ ਵਿੱਚ ਰੱਖਿਆ ਗਿਆ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀ ਧਾਰਾ 63 ਤਹਿਤ ਫੂਡ ਬਿਜ਼ਨਸ ਆਪਰੇਟਰ ਯਾਨੀ ਦੁਕਾਨਦਾਰ ਅਤੇ ਵਾਹਨ ਆਪਰੇਟਰ ਦੋਵਾਂ ਨੂੰ ਜਨਤਕ ਵਿਕਰੀ ਅਤੇ ਮਨੁੱਖੀ ਖਪਤ ਲਈ ਲਾਇਸੈਂਸ ਤੋਂ ਬਿਨਾਂ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਲਈ ਦੋ ਚਲਾਨ ਕੱਟੇ ਗਏ।
ਵਿਭਾਗ ਵੱਲੋਂ ਸਾਰੇ ਨਿਵਾਸੀਆਂ/ਖਪਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਾਜ਼ਾਰ ਤੋਂ ਕੋਈ ਵੀ ਖਾਣ-ਪੀਣ ਦੀਆਂ ਚੀਜ਼ਾਂ ਖਰੀਦਦੇ ਸਮੇਂ ਸਾਵਧਾਨੀ ਵਰਤਣ। ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਜੋ ਖਾਣ-ਪੀਣ ਦੀਆਂ ਚੀਜ਼ਾਂ ਖਰੀਦਦੇ ਹਨ ਉਹ ਸਿਰਫ਼ ਲਾਇਸੰਸਸ਼ੁਦਾ ਦੁਕਾਨਾਂ ਤੋਂ ਹੀ ਹੋਣ ਜੋ ਪੂਰੀ ਸਫਾਈ ਦਾ ਧਿਆਨ ਰੱਖਦੇ ਹਨ ਅਤੇ ਗੁਣਵੱਤਾ ਵਾਲੇ ਉਤਪਾਦਾਂ ਦੀ ਵਰਤੋਂ ਕਰਦੇ ਹਨ ਤਾਂ ਜੋ ਉਨ੍ਹਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ। ਜੇਕਰ ਕੋਈ ਖਪਤਕਾਰ ਕੁਝ ਵੀ ਅਸਾਧਾਰਨ ਦੇਖਦਾ ਹੈ, ਤਾਂ ਉਹ ਮਾਮਲੇ ਦੀ ਰਿਪੋਰਟ ਫੂਡ ਸੇਫਟੀ ਐਂਡ ਸਟੈਂਡਰਡਜ਼ ਵਿਭਾਗ, ਡਾਇਰੈਕਟਰ ਹੈਲਥ ਸਰਵਿਸਿਜ਼, ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ, ਸੈਕਟਰ 16, ਚੰਡੀਗੜ੍ਹ ਨੂੰ ਕਰ ਸਕਦਾ ਹੈ।