ਮਜ਼ਦੂਰਾਂ ਦੇ ਹੱਥ-ਪੈਰ ਬੰਨ੍ਹ ਕੇ 20 ਕੁਇੰਟਲ ਲੋਹਾ ਲੁੱਟਿਆ
ਇਥੋਂ ਦੀ ਪੁਲੀਸ ਨੇ ਪਿੰਡ ਕਜੌਲੀ ਨੇੜੇ ਭਾਖੜਾ ਨਹਿਰ ਦੇ ਪੁਲ ’ਤੇ ਰੇਲਿੰਗ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਕਰ ਰਹੇ ਸੁੱਤੇ ਪਏ ਪਰਵਾਸੀ ਮਜ਼ਦੂਰਾਂ ਦੇ ਹੱਥ-ਪੈਰ ਬੰਨ੍ਹ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ 20 ਕੁਇੰਟਲ ਤੋਂ ਵੱਧ ਲੋਹੇ ਦੀਆਂ ਰਾਡਾਂ ਅਤੇ ਲੋਹੇ ਦੀਆਂ ਪਲੇਟਾਂ ਸਮੇਤ ਹੋਰ ਸਾਮਾਨ ਲੁੱਟਣ ਸਬੰਧੀ ਅੱਧੀ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸਬ ਇੰਸਪੈਕਟਰ ਗੁਰਮੁਖ ਸਿੰਘ ਐਸ ਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਠੇਕੇਦਾਰ ਰਣਵੀਰ ਸਿੰਘ ਨੇ ਪੁਲੀਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਹ ਪ੍ਰਾਈਵੇਟ ਤੌਰ ’ਤੇ ਠੇਕੇਦਾਰੀ ਕਰਦਾ ਹੈ ਤੇ ਉਸ ਨੇ ਅਸ਼ੋਕਾ ਬਿਲਡ ਕੋਨ ਕੰਪਨੀ ਪਾਸੋਂ ਚੰਡੀਗੜ੍ਹ ਲੁਧਿਆਣਾ ਰੋਡ ਨੈਸ਼ਨਲ ਹਾਈਵੇਅ ਪੰਜ ’ਤੇ ਸਥਿਤ ਪਿੰਡ ਕਜੌਲੀ ਕੋਲ ਭਾਖੜਾ ਨਹਿਰ ਤੇ ਐਸ ਵਾਈ ਐਲ ਨਹਿਰ ਤੇ ਬਣੇ ਪੁਲ ਦੀ ਮੁਰੰਮਤ ਦਾ ਠੇਕਾ ਲਿਆ ਹੋਇਆ ਹੈ, ਜਿੱਥੇ 24 ਜੁਲਾਈ ਤੋਂ ਉਸ ਦੀ ਲੇਬਰ ਕੰਮ ਕਰ ਰਹੀ ਹੈ। ਰਾਤੀਂ ਕਰੀਬ 12.30 ਵਜੇ ਇੱਕ ਮਹਿੰਦਰਾ ਪਿਕਅੱਪ ’ਤੇ ਛੇ ਸੱਤ ਵਿਅਕਤੀ ਤੇ ਇੱਕ ਮੋਟਰਸਾਈਕਲ ਤੇ ਦੋ ਵਿਅਕਤੀ ਮੂੰਹ ਬੰਨ੍ਹ ਕੇ ਆਏ ਤੇ ਕਿਰਚਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਡਰਾ ਧਮਕਾ ਕੇ ਮਜ਼ਦੂਰਾਂ ਨੂੰ ਬੰਨ੍ਹ ਦਿੱਤਾ ਅਤੇ ਉੱਥੇ ਕੱਟਿਆ ਪਿਆ ਕਰੀਬ 20 ਕੁਇੰਟਲ ਲੋਹਾ, ਇੱਕ ਵੈਲਡਿੰਗ ਮਸ਼ੀਨ, ਇੱਕ ਕਟਿੰਗ ਮਸ਼ੀਨ, ਹੈਂਡ ਗਰਾਇੰਡਰ ਆਦਿ ਲੈ ਗਏ।ਸਬ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਠੇਕੇਦਾਰ ਰਣਵੀਰ ਸਿੰਘ ਦੇ ਬਿਆਨ ਦੇ ਆਧਾਰ ’ਤੇ 8 ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।