1947 ਦੀ ਵੰਡ ਸਿਆਸੀ ਫੈਸਲਾ ਸੀ: ਕੇਂਦਰੀ ਸਿੰਘ ਸਭਾ
ਇੱਥੋਂ ਦੇ ਸੈਕਟਰ-28 ਸਥਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਪੰਜਾਬ ਦੇ ਸਾਬਕਾ ਮੰਤਰੀ ਹਰਨੇਕ ਸਿੰਘ ਘੜੂੰਆਂ ਤੇ ਹੋਰਨਾਂ ਪੰਜਾਬੀ ਚਿੰਤਕਾ ਵੱਲੋਂ ‘ਆਜ਼ਾਦੀ ਦਿਹਾੜੇ’ ਨੂੰ ਪਛਤਾਵਾ ਦਿਹਾੜੇ ਵਜੋਂ ਮਨਾਇਆ ਗਿਆ। ਇਸ ਦੌਰਾਨ ਇਕੱਠੇ ਹੋਏ ਪੰਜਾਬ ਹਿਤੈਸ਼ੀ ਲੋਕਾਂ ਨੇ ਸਾਲ 1947 ਵਿੱਚ ਹੋਈ ਪੰਜਾਬ ਦੀ ਵੰਡ ਬਾਰੇ ਵਿਚਾਰ-ਚਰਚਾ ਕੀਤੀ। ਚਿੰਤਕਾਂ ਨੇ ਕਿਹਾ ਕਿ 1947 ਦੀ ਵੰਡ ਸਿਆਸੀ ਪੱਧਰ ’ਤੇ ਹੋਈ ਸੀ ਪਰ ਉਸ ਨੂੰ ਅਮਲੀ ਰੂਪ ਦੇਣ ਲਈ ਹਿੰਦੂ-ਸਿੱਖ ਤੇ ਮੁਸਲਮਾਨਾਂ ਦੀ ਧਾਰਮਿਕ ਕੱਟੜ ਫਿਰਕਾਪ੍ਰਸਤੀ ਨੂੰ ਸਾਜ਼ਿਸ਼ੀ ਢੰਗ ਨਾਲ ਉਕਸਾਇਆ ਗਿਆ। ਇਸ ਮੌਕੇ ਡਾ. ਨਜ਼ੀਰ ਮੁਹੰਮਦ ਮਾਲੇਰਕੋਟਲਾ, ਜਸਪਾਲ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਹੀਂ, ਹਮੀਰ ਸਿੰਘ, ਪ੍ਰੋ. ਸੁਖਜਿੰਦਰ ਕੌਰ, ਬਲਵਿੰਦਰ ਜੰਮੂ, ਸੁਰਿੰਦਰ ਸਿੰਘ, ਜੈ ਸਿੰਘ ਛਿੱਬਰ ਤੇ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਅੰਗਰੇਜ਼ੀ ਸਰਕਾਰ ਦੇ ਨੁੰਮਾਇੰਦੇ ਲਾਰਡ ਮਾਊਂਟ ਬੈਂਟਨ ਵੱਲੋਂ ਵੰਡ ਦੀ ਤਜਵੀਜ਼ ਤਿੰਨ ਜੂਨ 1947 ਨੂੰ ਦਿੱਤੀ ਗਈ ਸੀ। ਇਸ ਵੰਡ ਦੌਰਾਨ ਦੋਵਾਂ ਪਾਸਿਆਂ ਦੇ 10 ਲੱਖ ਤੋਂ ਵੱਧ ਪੰਜਾਬੀ ਹਿੰਸਾ ਦੀ ਭੇਟ ਚੜ੍ਹ ਗਏ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਕਈ ਕਾਰਨਾਂ ਕਰਕੇ ਹੋਈ ਸੀ, ਉਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦਿਆਂ ਫ਼ੈਸਲੇ ਲਏ, ਜਿਸ ਕਰਕੇ ਦੇਸ਼ ਦੀ ਵੰਡ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਸਦੀਆਂ ਪੁਰਾਣੀ ਹੈ, ਗੁਰੂ ਨਾਨਕ ਸਾਹਿਬ ਨਾਲੋਂ ਭਾਈ ਮਰਦਾਨੇ ਨੂੰ ਨਿਖੇੜਿਆ ਨਹੀਂ ਜਾ ਸਕਦਾ ਹੈ। ਗੁਰੂ ਗੋਬਿੰਦ ਸਿੰਘ ਨੂੰ ਉੱਚ ਦਾ ਪੀਰ ਬਣਾਕੇ ਕੱਢਣ ਵਾਲੇ ਗਨੀ ਖਾਂ, ਨਬੀ ਖਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਹੈ।