16 ਸਿੱਖ ਰੈਜੀਮੈਂਟ ਤੇ ਸੇਵਾਦਾਰ ਦਾਊਦਪੁਰ ਤੇ ਫੱਸੇ ਬੰਨ੍ਹ ਦੀ ਮਜ਼ਬੂਤੀ ’ਚ ਜੁਟੇ
ਮੇਜਰ ਸ਼ੌਰਿਆ ਰਾਏ ਦੀ ਅਗਵਾਈ ਹੇਠ ਚੱਲ ਰਿਹਾ ਕੰਮ; ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲੀਸ ਮੁਖੀ ਨੇ ਜਾਇਜ਼ਾ ਲਿਆ
Advertisement
ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ, ਜਿਸ ਨਾਲ ਜ਼ਿਲ੍ਹਾ ਰੂਪਨਗਰ ਵਿੱਚ ਸਤਲੁਜ ਦਰਿਆ ਦੇ ਕਈ ਸਥਾਨਾਂ ’ਤੇ ਬੰਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਇੱਕ ਗੰਭੀਰ ਸਥਿਤੀ ਬਣ ਗਈ। ਹਾਲਾਂਕਿ 16 ਸਿੱਖ ਰੈਜੀਮੈਂਟ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਇਲਾਕਾ ਵਾਸੀਆ ਸਮੇਤ ਆਲੇ ਦੁਆਲੇ ਦੇ ਲੋਕਾਂ ਦੀ ਸਾਂਝੀ ਮਿਹਨਤ ਨਾਲ ਪਿੰਡ ਦਾਊਦਪੁਰ ਅਤੇ ਪਿੰਡ ਫੱਸੇ ਦੇ ਸਾਹਮਣੇ ਦਰਿਆ ਸਤਲੁਜ ਵਿੱਚ ਬੰਨ੍ਹਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਭਾਖੜਾ ਡੈਮ ਤੋਂ ਪਾਣੀ ਦੇ ਤੇਜ਼ ਬਹਾਅ ਅਤੇ ਸਤਲੁਜ ਦਾ ਪੱਧਰ ਵਧਣ ਕਾਰਨ, ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਲੋਂ 1 ਸਤੰਬਰ ਦੀ ਰਾਤ ਚੰਡੀਗੜ੍ਹ ਤੋਂ ਫੌਜ ਨੂੰ ਚਮਕੌਰ ਸਾਹਿਬ ਬੁਲਾਇਆ ਗਿਆ। 16 ਸਿੱਖ ਰੈਜੀਮੈਂਟ ਦੇ ਮੈਜਰ ਸ਼ੌਰਿਆ ਰਾਏ ਦੀ ਅਗਵਾਈ ਹੇਠ ਇਸ ਕਾਲਮ ਨੇ ਤੁਰੰਤ ਦਾਉਦਪੁਰ ਬੰਨ੍ਹ ’ਤੇ ਸਤਲੁਜ ਦਰਿਆ ਦੇ ਕਟਾਅ ਵਾਲੇ ਹਿੱਸਿਆਂ ਦਾ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨਾਲ ਮਿਲ ਕੇ ਜਾਇਜ਼ਾ ਲਿਆ ਅਤੇ ਪੂਰੇ ਪੱਧਰ ਦਾ ਰਾਹਤ ਤੇ ਬਚਾਅ ਯੋਜਨਾ ਸ਼ੁਰੂ ਕੀਤੀ। ਮੇਜਰ ਸ਼ੌਰਿਆ ਰਾਏ ਅਤੇ ਉਨ੍ਹਾਂ ਦੀ ਟੀਮ ਨੇ ਦਿਨ-ਰਾਤ ਮਿਹਨਤ ਕਰਦਿਆਂ ਕਟਾਅ ਵਾਲੇ ਕੰਢੇ ਭਰ ਕੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਅਤੇ ਰੇਤ ਨਾਲ ਭਰੇ ਬੈਗਾਂ ਤੇ ਪੱਥਰਾਂ ਨਾਲ ਲੋਹੇ ਦੇ ਜਾਲ ਭਰ ਕੇ ਦੂਜੀ ਪਰਤ ਦੀ ਸੁਰੱਖਿਆ ਲਾਈਨ ਤਿਆਰ ਕੀਤੀ। ਇਹ ਬੰਨ੍ਹ ਸਤਲੁਜ ਦਰਿਆ ਅਤੇ ਨੇੜਲੇ ਪਿੰਡਾਂ ਦੀ ਆਬਾਦੀ ਵਿਚਕਾਰ ਇੱਕੋ-ਇੱਕ ਸੁਰੱਖਿਆ ਰੇਖਾ ਹੈ। ਪਿੰਡ ਦਾਊਦਪੁਰ ਵਿਖੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਮੈਜਰ ਰਾਏ ਨੇ ਕਿਹਾ, “ਅਸੀਂ ਦੋਵੇਂ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕਰ ਰਹੇ ਹਾਂ। 6 ਜੂਨੀਅਰ ਕਮਿਸ਼ਨਡ ਅਫ਼ਸਰ ਅਤੇ 68 ਜਵਾਨ ਦਿਨ ਰਾਤ ਡਿਊਟੀ ’ਤੇ ਲੱਗੇ ਹੋਏ ਤਾਂ ਜੋ ਕਿ ਬੰਨ੍ਹ ‘ਤੇ ਸਤਲੁਜ ਦੇ ਪਾਣੀਆਂ ਨੂੰ ਰੋਕਣ ਵਿੱਚ ਸਫਲ ਰਹੇ ਅਤੇ ਆਮ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਨੂੰ ਬਚਾਇਆ ਜਾ ਸਕੇ।’’ਉਨ੍ਹਾਂ ਇਲਾਕਾ ਵਾਸੀਆਂ ਸਮੇਤ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਿਨ੍ਹਾਂ ਸਮੇਂ-ਸਿਰ ਸਾਰੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਕੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ। ਮੇਜਰ ਰਾਏ ਨੇ ਦੱਸਿਆ ਕਿ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਹਜ਼ਾਰਾਂ ਸੇਵਾਦਾਰਾਂ ਦੀ ਸਹਾਇਤਾ ਨਾਲ 16 ਸਿੱਖ ਰੈਜੀਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲ ਕੇ ਅਣਗਿਣਤ ਜਾਨਾਂ ਬਚਾਈਆਂ ਹਨ ਅਤੇ ਇਹ ਆਪਰੇਸ਼ਨ ਹਾਲੇ ਵੀ ਜਾਰੀ ਹੈ।
Advertisement