ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੌਮੀ ਲੋਕ ਅਦਾਲਤ ’ਚ 13719 ਕੇਸਾਂ ਦਾ ਨਿਬੇੜਾ

ਚਾਰ ਜੋੜਿਆਂ ਦਾ ਸਮਝੌਤਾ ਕਰਵਾਇਆ; ਬੂਟਿਆਂ ਨਾਲ ਸਨਮਾਨ
ਵਿਆਹੁਤਾ ਜੋੜੇ ਨੂੰ ਬੂਟਾ ਸੌਂਪਦੇ ਹੋਏ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੁਲ ਕਸਾਨਾ ਤੇ ਹੋਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 8 ਮਾਰਚ

Advertisement

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਅਤੇ ਹਾਈ ਕੋਰਟ ਦੇ ਜੱਜ ਜਸਟਿਸ ਅਨਿਲ ਖੇਤਰਪਾਲ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਮੁਹਾਲੀ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਜਿਸ ਵਿੱਚ ਰਾਜ਼ੀਨਾਮਾ ਯੋਗ ਫੌਜਦਾਰੀ ਕੇਸ, ਚੈੱਕ ਬਾਉਂਸ, ਬੈਂਕ ਰਿਕਵਰੀ, ਘਰੇਲੂ ਹਿੰਸਾ, ਕਿਰਤ ਸਬੰਧੀ ਝਗੜੇ, ਜ਼ਮੀਨ ਐਕੁਆਇਰ, ਬਿਜਲੀ ਤੇ ਪਾਣੀ ਦੇ ਬਿੱਲਾਂ ਸਮੇਤ ਮਾਲ ਵਿਭਾਗ ਨਾਲ ਸਬੰਧਤ ਅਤੇ ਹਰ ਤਰ੍ਹਾਂ ਦੇ ਦੀਵਾਨੀ ਕੇਸ ਨਿਬੇੜੇ ਲਈ ਰੱਖੇ ਗਏ। ਜ਼ਿਲ੍ਹਾ ਅਦਾਲਤ ਮੁਹਾਲੀ ਵਿੱਚ 18 ਵਿਸ਼ੇਸ਼ ਬੈਂਚਾਂ ਦਾ ਗਠਨ ਕੀਤਾ ਗਿਆ। ਡੇਰਾਬੱਸੀ ਵਿੱਚ 3 ਬੈਂਚ ਅਤੇ ਖਰੜ ਵਿੱਚ 5 ਬੈਂਚ ਸਥਾਪਤ ਕੀਤੇ ਗਏ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਸ੍ਰੀਮਤੀ ਸੁਰਭੀ ਪਰਾਸ਼ਰ ਨੇ ਦੱਸਿਆ ਕਿ ਅੱਜ ਦੀ ਇਸ ਕੌਮੀ ਲੋਕ ਅਦਾਲਤ ਵਿੱਚ ਕੁੱਲ 18096 ਕੇਸ ਸੁਣਵਾਈ ਲਈ ਰੱਖੇ ਗਏ ਸਨ, ਜਿਨ੍ਹਾਂ ’ਚੋਂ 13,719 ਕੇਸਾਂ ਦਾ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਮੌਕੇ ’ਤੇ ਹੀ ਨਿਬੇੜਾਾ ਕੀਤਾ ਗਿਆ ਅਤੇ 196,19,56,727 ਰੁਪਏ ਕੀਮਤ ਦੇ ਐਵਾਰਡ ਪਾਸ ਕੀਤੇ ਗਏ। ਇਸ ਦੌਰਾਨ ਘਰੇਲੂ ਹਿੰਸਾ ਦੇ ਕਈ ਕੇਸਾਂ ਵੀ ਨਿਬੇੜਾ ਕੀਤਾ ਗਿਆ। ਜੁਡੀਸ਼ਲ ਬੈਂਚ ਦੇ ਨਾਲ-ਨਾਲ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੁਲ ਕਸਾਨਾ ਨੇ ਵੀ ਸੁਣਵਾਈ ਦੌਰਾਨ ਵਿਆਹੁਤਾ ਜੋੜਿਆਂ ਦੀ ਖ਼ੁਦ ਕੌਂਸਲਿੰਗ ਕੀਤੀ, ਜਿਸ ਕਾਰਨ ਉਹ ਆਪਸੀ ਮਤਭੇਦ ਭੁਲਾ ਕੇ ਮੁੜ ਇਕੱਠੇ ਰਹਿਣ ਲਈ ਰਾਜ਼ੀ ਹੋਏ। ਇਸ ਤਰ੍ਹਾਂ ਚਾਰ ਜੋੜੇ ਲੋਕ ਅਦਾਲਤ ’ਚੋਂ ਸਿੱਧਾ ਖ਼ੁਸ਼ੀ ਖ਼ੁਸ਼ੀ ਇਕੱਠੇ ਆਪਣੇ ਘਰਾਂ ਨੂੰ ਪਰਤੇ। ਇਨ੍ਹਾਂ ਜੋੜਿਆਂ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੁਲ ਕਸਾਨਾ ਨੇ ਬੂਟੇ ਦੇ ਕੇ ਸਨਮਾਨਿਤ ਕੀਤਾ।

ਲੋਕ ਅਦਾਲਤ ਵਿੱਚ 11 ਕਰੋੜ ਤੋਂ ਵੱਧ ਦੇ ਐਵਾਰਡ ਪਾਸ

ਕੇਸਾਂ ਦੀ ਸੁਣਵਾਈ ਕਰਦੇ ਹੋਏ ਨਿਆਂਇਕ ਅਧਿਕਾਰੀ।

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਰੁਨ ਗੁਪਤਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸਕੱਤਰ ਦੀਪਤੀ ਗੋਇਲ ਵੱਲ੍ਹੋਂ ਜ਼ਿਲ੍ਹਾ ਕਚਹਿਰੀਆਂ, ਅਮਲੋਹ ਅਤੇ ਖਮਾਣੋਂ ਦੀਆਂ ਸਬ ਡਵੀਜ਼ਨ ਪੱਧਰ ਦੀਆਂ ਕਚਹਿਰੀਆਂ ਵਿੱਚ ਸਾਲ ਦੀ ਪਹਿਲੀ ਨੈਸ਼ਨਲ ਲੋਕ ਅਦਾਲਤ ਲਗਾਈ ਗਈ, ਜਿਸ ਵਿੱਚ ਨੈਸ਼ਨਲ ਲੋਕ ਅਦਾਲਤ ਦੇ 10 ਬੈਂਚਾਂ ਵੱਲੋਂ 9457 ਕੇਸਾਂ ਦੀ ਸੁਣਵਾਈ ਹੋਈ, ਜਿਨ੍ਹਾਂ ਵਿੱਚੋਂ 7804 ਕੇਸਾਂ ਦਾ ਨਿਬੇੜਾ ਦੋਵਾਂ ਧਿਰਾਂ ਦੀ ਰਜ਼ਾਮੰਦੀ ਨਾਲ ਕੀਤਾ ਗਿਆ। ਇਸ ਮੌਕੇ ਇੱਕ ਵਿਵਾਹਿਤ ਜੋੜਾ, ਜਿਨ੍ਹਾਂ ਦਾ ਕੇਸ ਪਿਛਲੇ 11 ਸਾਲਾਂ ਤੋਂ ਚੱਲ ਰਿਹਾ ਸੀ, ਨੂੰ ਆਪਸੀ ਸਮਝੌਤੇ ਨਾਲ ਦੁਬਾਰਾ ਇਕੱਠਾ ਕਰਕੇ ਉਨ੍ਹਾਂ ਦੇ ਜੀਵਨ ਨੂੰ ਹਰਿਆ-ਭਰਿਆ ਕਰਨ ਲਈ ਬੂਟਾ ਦਿੱਤਾ ਗਿਆ।

ਚੰਡੀਗੜ੍ਹ ’ਚ 9596 ਟਰੈਫਿਕ ਚਲਾਨਾਂ ਦਾ ਨਿਬੇੜਾ

ਚੰਡੀਗੜ੍ਹ ਲੋਕ ਅਦਾਲਤ ਵਿੱਚ ਚਲਾਨ ਭੁਗਤਨ ਪੁੱਜੇ ਲੋਕ। -ਫੋਟੋ: ਵਿੱਕੀ ਘਾਰੂ

ਚੰਡੀਗੜ੍ਹ (ਆਤਿਸ਼ ਗੁਪਤਾ): ਇੱਥੋਂ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਵਿੱਚ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਦੌਰਾਨ ਟਰੈਫਿਕ ਚਲਾਨ ਸਣੇ ਵੱਖ-ਵੱਖ ਮਾਮਲਿਆਂ ’ਤੇ ਸੁਣਵਾਈ ਕੀਤੀ ਗਈ। ਅੱਜ ਕੌਮੀ ਲੋਕ ਅਦਾਲਤ ਦੌਰਾਨ 9596 ਟਰੈਫ਼ਿਕ ਚਲਾਨਾਂ ਦਾ ਨਿਬੇੜਾ ਕਰਕੇ 47.82 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਹੈ। ਇਸ ਦੌਰਾਨ ਵੱਖ-ਵੱਖ ਬੈਂਚਾਂ ਵੱਲੋਂ ਲੋਕਾਂ ਦੇ ਮਾਮਲਿਆਂ ’ਤੇ ਸੁਣਵਾਈ ਕਰਦਿਆਂ 2182 ਮਾਮਲਿਆਂ ਦਾ ਨਿਬੇੜਾ ਕੀਤਾ ਗਿਆ ਹੈ। ਇਸ ਵਿੱਚ 1733 ਮਾਮਲੇ ਧਾਰਾ 138 ਦੇ ਹੱਲ ਕੀਤੇ ਗਏ ਹਨ। ਇਸ ਤੋਂ ਇਲਾਵਾ 1.44 ਕਰੋੜ ਰੁਪਏ ਰਾਸ਼ੀ ਦੇ 47 ਮੋਟਰ ਸੜਕ ਹਾਦਸੇ ਨਾਲ ਸਬੰਧਤ ਮਾਮਲੇ, 7.29 ਕਰੋੜ ਰੁਪਏ ਰਾਸ਼ਈ ਦੇ 39 ਪਰਿਵਾਰ ਮਾਮਲੇ, 38.29 ਲੱਖ ਰਾਸ਼ੀ ਦੇ ਸਿਵਲ ਤੇ ਕਿਰਾਏ ਨਾਲ ਸਬੰਧਤ ਮਾਮਲਿਆਂ ਦਾ ਨਿਬੇੜਾ ਕੀਤਾ ਗਿਆ ਹੈ। ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਕੌਮੀ ਲੋਕ ਅਦਾਲਤ ਦੌਰਾਨ ਕਿਰਤ, ਆਪਸੀ ਝਗੜੇ ਤੇ ਹੋਰਨਾਂ ਵਧੇਰੇ ਮਾਮਲਿਆਂ ਵਿੱਚ ਆਪਸੀ ਸਹਿਮਤੀ ਨਾਲ ਨਿਬੇੜਾ ਕਰਵਾਇਆ ਗਿਆ ਹੈ।

Advertisement