ਖਰੜ ’ਚ ਸਾਢੇ ਤਿੰਨ ਸਾਲਾਂ ’ਚ 13 ਕਾਰਜਸਾਧਕ ਅਫ਼ਸਰ ਬਦਲੇ
ਇੱਕ ਪਾਸੇ ਸ਼ਹਿਰ ਦੇ ਲੋਕ ਯੋਜਨਾਬੱਧ ਤਰੀਕੇ ਨਾਲ ਵਿਕਾਸ ਨਾ ਹੋਣ ਕਾਰਨ ਨਰਕ ਜਿਹਾ ਜੀਵਨ ਜਿਊਣ ਲਈ ਮਜਬੂਰ ਹਨ, ਉੱਥੇ ਬਹੁਤ ਥਾਵਾਂ ’ਤੇ ਸ਼ਹਿਰ ਸਲੱਮ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇੰਜ ਜਾਪਦਾ ਹੈ ਕਿ ਮੌਜੂਦਾ ਸਰਕਾਰ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਦਲਣ ਤੋਂ ਇਲਾਵਾ ਕੋਈ ਕੰਮ ਨਹੀਂ ਅਤੇ ਨਾ ਹੀ ਸਰਕਾਰ ਜਨਤਕ ਸਮੱਸਿਆਵਾਂ ਮੁਸ਼ਕਲਾਂ ਹੱਲ ਕਰਨ ਲਈ ਸੰਜੀਦਾ ਜਾਪਦੀ ਹੈ। ਮੌਜੂਦਾ ‘ਆਪ’ ਦੇ ਕਾਰਜਕਾਲ ਦੌਰਾਨ ਪਿਛਲੇ ਲਗਭਗ ਸਾਢੇ ਤਿੰਨ ਸਾਲਾਂ ਵਿੱਚ ਹੁਣ ਤੱਕ ਖਰੜ ਨਗਰ ਕੌਂਸਲ ਦੇ 13 ਕਾਰਜਸਾਧਕ ਅਫ਼ਸਰ ਬਦਲੇ ਜਾ ਚੁੱਕੇ ਹਨ। ਬੀਤੇ ਦਿਨੀਂ ਅਪਰੈਲ ’ਚ ਆਏ ਗੁਰਬਖਸ਼ੀਸ਼ ਸਿੰਘ ਨੂੰ ਬਦਲ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ’ਤੇ ਸੁਖਦੇਵ ਸਿੰਘ ਨੂੰ ਨਵਾਂ ਕਾਰਜਸਾਧਕ ਅਫ਼ਸਰ ਲਾਇਆ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਖਰੜ ਦੀ ਆਬਾਦੀ 3 ਲੱਖ ਦੇ ਕਰੀਬ ਪਹੁੰਚ ਗਈ ਹੈ ਜਿਸਦੇ ਨਾਲ ਹੀ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵੀ ਵਾਧਾ ਹੋਇਆ ਹੈ। ਨਗਰ ਕੌਂਸਲ ਕੋਲ ਕਰੋੜਾਂ ਰੁਪਏ ਦੇ ਫੰਡ ਪਏ ਹਨ। ਜਿਵੇਂ ਹੀ ਕਿਸੇ ਅਧਿਕਾਰੀ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਪਤਾ ਚੱਲਦਾ ਹੈ ਅਤੇ ਉਹ ਇੱਥੋਂ ਦੇ ਲੋਕਾਂ ਨੂੰ ਪਛਾਨਣ ਲੱਗਦਾ ਹੈ, ਉਸਦੀ ਬਦਲੀ ਕਰ ਦਿੱਤੀ ਜਾਂਦੀ ਹੈ।
ਅਜਿਹੇ ਫ਼ੈਸਲੇ ਸਰਕਾਰੀ ਪੱਧਰ ’ਤੇ ਹੁੰਦੇ ਨੇ: ਕੌਂਸਲ ਪ੍ਰਧਾਨ
Advertisementਖਰੜ ਨਗਰ ਕੌਂਸਲ ਦੀ ਪ੍ਰਧਾਨ ਅੰਜੂ ਚੰਦਰ ਦਾ ਕਹਿਣਾ ਹੈ ਕਿ ਇਹ ਫ਼ੈਸਲੇ ਸਰਕਾਰੀ ਪੱਧਰ ’ਤੇ ਹੁੰਦੇ ਹਨ। ਉਨ੍ਹਾਂ ਦਾ ਇਸ ਵਿੱਚ ਕੋਈ ਹੱਥ ਨਹੀਂ ਹੈ, ਪਰ ਅਧਿਕਾਰੀ ਉਹ ਲਾਇਆ ਜਾਵੇ, ਜੋ ਕੰਮ ਕਰੇ।