ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

10ਵੀਂ ਪੰਜਾਬ ਰਾਜ ਸਬ-ਜੂਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਸਮਾਪਤ

ਲੁਧਿਆਣਾ ਨੇ ਦੋਵੇਂ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ; ਭਾਰਤੀ ਗਤਕਾ ਫੈਡਰੇਸ਼ਨ ਦਾ ਮੁੱਖ ਮਕਸਦ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੀਆਂ ਸੁਵਿਧਾਵਾਂ ਦੇਣਾ: ਭੁੱਲਰ
ਜੇਤੂ ਟੀਮਾਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਡੀਆਈਜੀ ਹਰਚਰਨ ਸਿੰਘ ਭੁੱਲਰ।
Advertisement
ਸ੍ਰੀ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਦਸਵੀਂ ਪੰਜਾਬ ਰਾਜ ਸਬ-ਜੂਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ ਵਿੱਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ 758 ਖਿਡਾਰੀਆਂ 40 ਰੈਫਰੀਜ਼ ਨੇ ਭਾਗ ਲਿਆ।

ਚੈਂਪੀਅਨਸ਼ਿਪ ਦੇ ਆਖਰੀ ਦਿਨ ਅੱਜ ਭਾਰਤੀ ਗਤਕਾ ਫੈਟਰੇਸ਼ਨ ਦੇ ਪ੍ਰਧਾਨ ਡੀਆਈਜੀ ਹਰਚਰਨ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਭੁੱਲਰ ਨੇ ਕਿਹਾ ਕਿ ਗਤਕਾ ਖੇਡ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਣਾ ਅਤੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਦੇਣਾ ਹੀ ਭਾਰਤੀ ਗਤਕਾ ਫੈਡਰੇਸ਼ਨ ਦਾ ਮੁੱਖ ਮਕਸਦ ਹੈ। ਇਸ ਮੌਕੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਸਾਲ ਦਰ ਸਾਲ ਪੰਜਾਬ ਗਤਕਾ ਐਸੋਸੀਏਸ਼ਨ ਨਵੀਆਂ ਪੁਲਾਂਘਾ ਪੁੱਟ ਰਹੀ ਹੈ ਅਤੇ ਖਿਡਾਰੀਆਂ, ਕੋਚਾਂ ਅਤੇ ਰੈਫਰੀਆਂ ਦੇ ਸੁਧਾਰ ਲਈ ਕੰਮ ਕਰ ਰਹੀ ਹੈ। ਅੱਜ ਇਨਾਮ ਵੰਡ ਸਮਾਰੋਹ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।

Advertisement

ਚੈਂਪੀਅਨਸ਼ਿਪ ਸਬੰਧੀ ਜਾਣਕਾਰੀ ਦਿੰਦੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਕਿਹਾ ਕਿ ਤਿੰਨ ਦਿਨ ਚੱਲੇ ਇਨ੍ਹਾਂ ਮੁਕਾਬਲਿਆਂ ਵਿੱਚ ਸਬ-ਜੂਨੀਅਰ ਕੈਟਾਗਰੀ ਵਿੱਚ ਲੁਧਿਆਣਾ ਨੇ 39 ਅੰਕਾਂ ਨਾਲ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ। ਮੁਕਤਸਰ ਨੇ 22 ਅੰਕਾਂ ਨਾਲ ਦੂਜਾ ਅਤੇ ਮੁਹਾਲੀ ਨੇ 17 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਜੂਨੀਅਰ ਵਰਗ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਨੇ 102 ਅੰਕਾਂ ਨਾਲ ਪਹਿਲਾ, ਬਠਿੰਡਾ ਨੇ 72 ਅੰਕਾਂ ਨਾਲ ਦੂਜਾ ਅਤੇ ਮੁਕਤਸਰ ਸਾਹਿਬ ਨੇ 32 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਮੱਕੜ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਮੈਨੇਜਰ ਹਰਦੇਵ ਸਿੰਘ, ਪਰਮਜੀਤ ਸਿੰਘ ਮੱਕੜ, ਜਗਸੀਰ ਸਿੰਘ ਪ੍ਰਧਾਨ ਚੰਡੀਗੜ੍ਹ ਗਤਕਾ ਐਸੋਸੀਏਸ਼ਨ , ਡੀਐੱਸਪੀ ਕੁਲਭੂਸ਼ਨ ਸਿੰਘ, ਅਕਵਿੰਦਰ ਸਿੰਘ ਗੋਸਲ, ਜਗਤਾਰ ਸਿੰਘ ਜੱਗੀ, ਗੁਰਸ਼ਰਨ ਸਿੰਘ ਬਿੱਟੂ, ਜਸਪਾਲ ਸਿੰਘ ਸੰਗਰੂਰ, ਜਸਵਿੰਦਰ ਸਿੰਘ ਪਾਬਲਾ , ਰਘਵੀਰ ਸਿੰਘ, ਰਾਜਵੀਰ ਸਿੰਘ, ਤਲਵਿੰਦਰ ਸਿੰਘ, ਹਰਜਿੰਦਰ ਸਿੰਘ, ਹਰਮਨਜੋਤ ਸਿੰਘ ਤੇ ਬਹਾਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

 

 

 

 

Advertisement