ਤਲਵੰਡੀ ਸਾਬੋ ’ਚ ਨਜਾਇਜ਼ ਕਬਜ਼ਿਆਂ ’ਤੇ ਚੱਲਿਆ ਨਗਰ ਕੌਂਸਲ ਦਾ ਪੀਲਾ ਪੰਜਾ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਥਾਨਕ ਸ਼ਹਿਰ ਦੇ ਨਿਸ਼ਾਨ-ਏ-ਖਾਲਸਾ ਚੌਂਕ ਤੋਂ ਲੈ ਕੇ ਗਿੱਲਾਂ ਵਾਲੇ ਖੂਹ ਤੱਕ ਰਸਤੇ ਦਾ ਸੁੰਦਰੀਕਰਨ ਕਰਨ ਲਈ ਅੱਜ ਨਗਰ ਕੌਂਸਲ ਤਲਵੰਡੀ ਸਾਬੋ ਵੱਲੋਂ ਸਿਵਲ ਅਤੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੜਕ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਜੇਸੀਬੀ ਮਸ਼ੀਨ ਨਾਲ ਹਟਾਏ ਗਏ।
ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਕੌਂਸਲ ਦੇ ਈ.ਓ ਵਿਪਨ ਕੁਮਾਰ ਅਤੇ ਜੇ.ਈ ਦਵਿੰਦਰ ਸ਼ਰਮਾਂ ਨੇ ਨਗਰ ਕੌਂਸਲ ਦੇ ਅਮਲੇ ’ਤੇ ਜੇਸੀਬੀ ਮਸ਼ੀਨ ਲੈ ਕੇ ਡੀਐੱਸਪੀ ਤਲਵੰਡੀ ਸਾਬੋ ਰਾਜੇਸ਼ ਸਨੇਹੀ, ਥਾਣਾ ਇੰਚਾਰਜ ਪਰਮਿੰਦਰ ਸਿੰਘ, ਤਹਿਸੀਲਦਾਰ ਨਵਪ੍ਰੀਤ ਸਿੰਘ ਸ਼ੇਰਗਿੱਲ ਅਤੇ ਨਗਰ ਕੌਂਸਲ ਪ੍ਰਧਾਨ ਕੁਲਬੀਰ ਕੌਰ ਸਰਾਂ ਦੀ ਹਾਜ਼ਰੀ ਵਿੱਚ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਆਰੰਭ ਕੀਤੀ ਗਈ।
ਨਗਰ ਕੌਂਸਲ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਨਿਸ਼ਾਨ-ਏ-ਖਾਲਸਾ ਤੋਂ ਲੈ ਕੇ ਗਿੱਲਾਂ ਵਾਲੇ ਖੂਹ ਤੱਕ ਸੜਕ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨਾਂ ਲਈ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਟਰੈਫਿਕ ਦਿੱਕਤ ਨਾ ਆਵੇ।
ਇਸ ਲਈ ਉਕਤ ਸੜਕ ’ਤੇ ਦੁਕਾਨਦਾਰਾਂ ਵੱਲੋਂ ਬਣਾਈਆਂ ਆਰਜੀ ਦੁਕਾਨਾਂ ਅਤੇ ਪੱਕੀਆਂ ਦੁਕਾਨਾਂ ਅੱਗੇ ਸਮਾਨ ਰੱਖਣ ਲਈ ਥੜੀਆਂ ਬਣਾ ਕੇ ਕੀਤੇ ਨਜਾਇਜ਼ ਕਬਜ਼ੇ ਅੱਜ ਹਟਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੜਕ ਦੀ ਜਗ੍ਹਾ ਦੀ ਮਿਣਤੀ ਕੀਤੀ ਗਈ ਸੀ। ਹੁਣ ਕਬਜ਼ੇ ਹਟਾ ਕੇ ਸੜਕ ਦੇ ਸੁੰਦਰੀਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।