ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਰੋਬਾਰੀ ਦੀ ਹੱਤਿਆ: ਲੋਕਾਂ ਨੇ ਲਾਸ਼ ਚੌਕ ਵਿੱਚ ਰੱਖ ਕੇ ਧਰਨਾ ਲਾਇਆ

‘ਬਠਿੰਡਾ ਬੰਦ’ ਨੂੰ ਰਲਵਾਂ-ਮਿਲਵਾਂ ਹੁੰਗਾਰਾ; ਪ੍ਰਸ਼ਾਸਨ ਨਾਲ ਸਮਝੌਤੇ ਮਗਰੋਂ ਪਰਿਵਾਰ ਸਸਕਾਰ ਲਈ ਹੋਇਆ ਰਾਜ਼ੀ
ਬਠਿੰਡਾ ਵਿੱਚ ਐਤਵਾਰ ਨੂੰ ਧਰਨੇ ਵਿੱਚ ਪੁੱਜੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਡੀਸੀ ਸ਼ੌਕਤ ਅਹਿਮਦ ਪਰੇ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ

ਬਠਿੰਡਾ, 29 ਅਕਤੂਬਰ

Advertisement

ਇਥੇ ਕੱਲ੍ਹ ‘ਹਰਮਨ ਅੰਮ੍ਰਿਤਸਰੀ ਕੁਲਚਾ’ ਦੇ ਮਾਲਕ ਦੀ ਉਸ ਦੇ ਰੈਸਤਰਾਂ ਅੱਗੇ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੇ ਵਿਰੋਧ ਵਿੱਚ ਇੱਥੇ ਅੱਜ ਵਪਾਰ ਮੰਡਲ ਦੇ ਸੱਦੇ ’ਤੇ ‘ਬਠਿੰਡਾ ਬੰਦ’ ਨੂੰ ਅੰਸ਼ਕ ਹੁੰਗਾਰਾ ਮਿਲਿਆ। ਲੋਕਾਂ ਨੇ ਰੋਸ ਵਜੋਂ ਭੀੜ-ਭੜੱਕੇ ਵਾਲੇ ਹਨੂੰਮਾਨ ਚੌਕ ’ਚ ਲਾਸ਼ ਰੱਖ ਕੇ ਆਵਾਜਾਈ ਰੋਕੀ।

ਇਸ ਦੌਰਾਨ ਧਰਨਾਕਾਰੀਆਂ ਨੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ, ਪਰਿਵਾਰ ਲਈ ਸਰਕਾਰੀ ਨੌਕਰੀ ਅਤੇ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਮੰਗ ਪੂਰੀ ਕਰਨ ਤੱਕ ਅੰਤਿਮ ਸੰਸਕਾਰ ਨਾ ਕਰਨ ਦੀ ਚਿਤਾਵਨੀ ਦਿੱਤੀ। ਇਸ ਦੌਰਾਨ ਡੀਸੀ ਸ਼ੌਕਤ ਅਹਿਮਦ ਪਰੇ ਅਤੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਵੀ ਧਰਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਪਰਿਵਾਰ ਅਤੇ ਵਿਖਾਵਾਕਾਰੀਆਂ ਨੂੰ ਨਿਆਂ ਦਾ ਭਰੋਸਾ ਦੇ ਕੇ ਲਾਸ਼ ਦਾ ਸਸਕਾਰ ਕਰਨ ਲਈ ਪ੍ਰੇਰਿਆ। ਅਖੀਰ ’ਚ ਪ੍ਰਸ਼ਾਸਨ ਪਰਿਵਾਰ ਨੂੰ ਰਜ਼ਾਮੰਦ ਕਰਨ ’ਚ ਸਫ਼ਲ ਹੋ ਗਿਆ। ਇਸ ਦੇ ਨਾਲ ਅੱਜ ਪ੍ਰਸ਼ਾਸਨ ਵੱਲੋਂ ਕਾਤਲਾਂ ਦੀਆਂ ਸੀਸੀਟੀਵੀ ਤਸਵੀਰਾਂ ਜਾਰੀ ਕਰਕੇ ਜਾਣਕਾਰੀ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕਰ ਦਿੱਤਾ। ਸ਼ਾਮ ਨੂੰ ਕਰੀਬ ਪੰਜ ਵਜੇ ਮਰਹੂਮ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੇ ਪੁੱਤਰ ਹਰਮਨ ਜੌਹਲ ਨੇ ਐਲਾਨ ਕਰ ਦਿੱਤਾ ਕਿ ਪ੍ਰਸ਼ਾਸਨ ਨੇ ਪਰਿਵਾਰ ਦੀ ਮੰਗ ਮੰਨ ਲਈ ਹੈ ਅਤੇ ਉਨ੍ਹਾਂ ਦਾ ਫੈਸਲਾ ਹੈ ਕਿ ਉਹ ਹੁਣੇ ਸਸਕਾਰ ਕਰਨਗੇ। ਕਈ ਵਿਖਾਵਾਕਾਰੀਆਂ ਨੇ ਪਰਿਵਾਰ ਦੇ ਫ਼ੈਸਲੇ ਨਾਲ ਨਾਰਾਜ਼ਗੀ ਵੀ ਜਿਤਾਈ। ਇਸ ਤੋਂ ਤੁਰੰਤ ਬਾਅਦ ਲਾਸ਼ ਨੂੰ ਐਂਬੂਲੈਂਸ ਰਾਹੀਂ ਸ਼ਮਸ਼ਾਨਘਾਟ ਲਿਜਾਇਆ ਗਿਆ।

ਗੌਰਤਲਬ ਹੈ ਕਿ ਐਲਾਨ ਤੋਂ ਐਨ ਪਹਿਲਾਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਮਰਹੂਮ ਸ੍ਰੀ ਜੌਹਲ ਦੇ ਪੁੱਤਰ ਨੂੰ ਇਹ ਕਹਿ ਕੇ ਪ੍ਰੇਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਤੱਕ ਸਰਕਾਰ ਦਾ ਕੋਈ ਮੰਤਰੀ ਜਾਂ ਵਿਧਾਇਕ ਆ ਕੇ ਭਰੋਸਾ ਨਹੀਂ ਦਿੰਦਾ, ਉਦੋਂ ਤੱਕ ਲਾਸ਼ ਦੇ ਸਸਕਾਰ ਲਈ ਹਾਮੀ ਨਾ ਭਰੀ ਜਾਵੇ। ਇਸ ਮੌਕੇ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ, ਬਬਲੀ ਢਿੱਲੋਂ, ਭਾਜਪਾ ਆਗੂ ਸਰੂਪ ਚੰਦ ਸਿੰਗਲਾ, ਕਾਂਗਰਸ ਦੇ ਸੀਨੀਅਰ ਆਗੂ ਰਾਜਨ ਗਰਗ, ਬਲਰਾਜ ਸਿੰਘ ਪੱਕਾ, ਕਿਰਨਜੀਤ ਸਿੰਘ ਗਹਿਰੀ, ਹਰਵਿੰਦਰ ਸਿੰਘ ਲਾਡੀ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਲੱਖਾ ਸਿਧਾਣਾ, ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਸਿੱਧੂ ਹਾਜ਼ਰ ਸਨ। ਬੁਲਾਰਿਆਂ ਨੇ ਕਤਲ ਕਾਂਡ ਦੀ ਨਿਖੇਧੀ ਕਰਦਿਆਂ, ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ’ਤੇ ਸੁੱਟੀ।

Advertisement