ਮੁੱਦਕੀ ਦੇ ਨੌਜਵਾਨ ਦੀ ਅਮਰੀਕਾ ’ਚ ਸੜਕ ਹਾਦਸੇ ਵਿੱਚ ਮੌਤ
ਕਸਬਾ ਮੁੱਦਕੀ ਦੇ ਇੱਕ ਨੌਜਵਾਨ ਦੀ ਅਮਰੀਕਾ ’ਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਵਿੰਦਰਪਾਲ ਸਿੰਘ ਬਰਾੜ ਉਰਫ਼ ਰੌਕੀ ਪੁੱਤਰ ਕੁਲਦੀਪ ਸਿੰਘ ਬਰਾੜ ਮਾਹਲਾ ਰੋਡ ਮੁੱਦਕੀ ਵਜੋਂ ਹੋਈ ਹੈ।
ਘਟਨਾ ਤੋਂ ਜਿੱਥੇ ਪਰਿਵਾਰ ਸਦਮੇ ਵਿੱਚ ਹੈ ਉੱਥੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਦੇ ਮਾਪੇ ਅਜੇ ਇਸੇ ਹਫ਼ਤੇ ਹੀ ਅਮਰੀਕਾ ਤੋਂ ਆਪਣੇ ਉਕਤ ਪੁੱਤਰ ਕੋਲੋਂ ਪਰਤੇ ਹਨ।
ਮ੍ਰਿਤਕ ਦੇ ਮਾਮਾ ਰਜਿੰਦਰ ਸਿੰਘ ਰਾਜੂ ਖੋਸਾ ਨੇ ਦੱਸਿਆ ਕਿ ਰੌਕੀ ਕਰੀਬ 24-25 ਸਾਲ ਤੋਂ ਅਮਰੀਕਾ ਦੇ ਲਾਸ ਏਂਜਲਸ ਵਿੱਚ ਰਹਿ ਰਿਹਾ ਸੀ। ਉੱਥੇ ਉਹ ਟਰੱਕਾਂ ਦਾ ਕਾਰੋਬਾਰ ਕਰਦਾ ਸੀ। ਭਾਰਤੀ ਸਮੇਂ ਅਨੁਸਾਰ 19 ਸਤੰਬਰ ਦੀ ਰਾਤ ਕਰੀਬ 10 ਵਜੇ ਐਲ.ਏ ਤੋਂ ਕਰੀਬ 1800 ਕਿੱਲੋਮੀਟਰ ਦੂਰ ਉਸ ਦੇ ਟਰੱਕ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਰੌਕੀ ਬੁਰੀ ਤਰ੍ਹਾਂ ਝੁਲਸ ਗਿਆ।
ਸਥਾਨਕ ਪੁਲੀਸ ਨੇ ਉਸ ਨੂੰ ਹਵਾਈ ਐਂਬੂਲੈਂਸ ਰਾਹੀਂ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ, ਦੋ ਬੇਟੇ ਅਤੇ ਬਜ਼ੁਰਗ ਮਾਂ-ਬਾਪ ਨੂੰ ਛੱਡ ਗਿਆ ਹੈ।