ਪ੍ਰਵਾਸੀ ਮਜ਼ਦੂਰਾਂ ਦਾ ਮਾਮਲਾ: ਪੁਲੀਸ ਨੇ ਕੱਢਿਆ ਫਲੈਗ ਮਾਰਚ
ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ ਵਿੱਚ ਕਸਬਾ ਮੁੱਦਕੀ ਵਿੱਚ ਕੱਲ੍ਹ ਸ਼ਾਮੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹੁੱਲੜਬਾਜ਼ੀ ਨੂੰ ਲੈ ਕੇ ਪੁਲੀਸ ਸਖ਼ਤੀ ਨਾਲ ਪੇਸ਼ ਆਈ ਹੈ। ਜ਼ਿਲ੍ਹਾ ਪੁਲੀਸ ਵੱਲੋਂ ਅੱਜ ਇੱਥੇ ਦਿਹਾਤੀ ਹਲਕੇ ਦੇ ਡੀਐੱਸਪੀ ਕਰਨ ਸ਼ਰਮਾ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਤੋਂ ਪਹਿਲਾਂ ਪੁਲੀਸ ਚੌਕੀ ਮੁੱਦਕੀ ਵਿੱਚ ਡੀਐਸਪੀ ਵੱਲੋਂ ਸਥਾਨਕ ਕੌਂਸਲਰਾਂ ਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਬੈਠਕ ਕੀਤੀ ਗਈ। ਬੈਠਕ ਵਿੱਚ ਇੱਥੇ ਸਬਜ਼ੀਆਂ, ਫਲ਼ਾਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਰੇਹੜੀਆਂ-ਫੜੀਆਂ ਲਗਾਉਣ ਵਾਲੇ ਪ੍ਰਵਾਸੀ ਵੀ ਹਾਜ਼ਰ ਸਨ। ਕੱਲ੍ਹ ਦੀ ਹੁੱਲੜਬਾਜ਼ੀ ਤੋਂ ਦਹਿਸ਼ਤਜ਼ਦਾ ਪ੍ਰਵਾਸੀਆਂ ਨੇ ਅੱਜ ਸਵੇਰ ਤੋਂ ਆਪਣੇ ਕਾਰੋਬਾਰ ਬੰਦ ਰੱਖੇ ਹੋਏ ਸਨ।
ਡੀਐੱਸਪੀ ਕਰਨ ਸ਼ਰਮਾ ਨੇ ਕਿਹਾ ਕਿ ਪੁਲੀਸ ਹਰ ਵਿਅਕਤੀ ਦੀ ਜਾਨ-ਮਾਲ ਦੀ ਰਾਖੀ ਲਈ ਵਚਨਬੱਧ ਹੈ। ਕਿਸੇ ਨੂੰ ਹੁੱਲੜਬਾਜ਼ੀ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਪ੍ਰਵਾਸੀਆਂ ਨੂੰ ਵੀ ਭਰੋਸਾ ਦਿਵਾਇਆ ਕਿ ਉਹ ਬੇਖ਼ੌਫ ਹੋ ਕਿ ਆਪਣੇ ਕਾਰੋਬਾਰ ਕਰਨ। ਥਾਣਾ ਘੱਲ ਖ਼ੁਰਦ ਤੇ ਕੁੱਲਗੜੀ ਦੇ ਮੁਖੀ ਕ੍ਰਮਵਾਰ ਤਰਸੇਮ ਸ਼ਰਮਾ ਤੇ ਬਲਜਿੰਦਰ ਸਿੰਘ, ਪੁਲੀਸ ਚੌਕੀ ਮੁੱਦਕੀ ਦੇ ਮੁਖੀ ਬਲਵਿੰਦਰ ਸਿੰਘ, ਨਗਰ ਪੰਚਾਇਤ ਮੁੱਦਕੀ ਦੀ ਪ੍ਰਧਾਨ ਦੇ ਪਤੀ ਸੁਖਵਿੰਦਰ ਸਿੰਘ ਕਾਕਾ ਬਰਾੜ, ਗੁਰਦਿਆਲ ਸਿੰਘ, ਐਮਸੀ ਰੋਸ਼ਨ ਲਾਲ ਮਨਚੰਦਾ, ਜਗੀਰ ਸਿੰਘ ਸੇਖੋਂ, ਮਨਤਾਰ ਸਿੰਘ ਰਖਰਾ, ਦਵਿੰਦਰ ਕੁਮਾਰ ਪਿੰਕਾ, ਕਿਸਾਨ ਆਗੂ ਸੁਖਮੰਦਰ ਸਿੰਘ ਖੋਸਾ, ਨੌਜਵਾਨ ਆਗੂ ਬੋਹੜ ਸਿੰਘ ਭੈਲ ਆਦਿ ਵੀ ਬੈਠਕ ਵਿਚ ਹਾਜ਼ਰ ਸਨ।