ਬਠਿੰਡਾ ’ਚ ਵਕੀਲਾਂ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਧਰਨਾ
ਸ਼ਗਨ ਕਟਾਰੀਆ
ਬਠਿੰਡਾ, 7 ਫਰਵਰੀ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਅਗਵਾਈ ’ਚ ਅੱਜ ਵਕੀਲਾਂ ਨੇ ਕੰਮ ਛੋੜ ਹੜਤਾਲ ਕਰ ਕੇ ਐੱਸਐੱਸਪੀ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਕਿ ਪਿਛਲੇ ਦਿਨੀਂ ਕਥਿਤ ਹਮਲੇ ਦਾ ਨਿਸ਼ਾਨਾ ਬਣੇ ਐਡਵੋਕੇਟ ਯਸ਼ਪਿੰਦਰ ਪਾਲ ਸਿੰਘ ‘ਯਸ਼’ ਦੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੇ ਗ੍ਰਿਫ਼ਤਾਰ ਕੀਤਾ ਜਾਵੇ ਪਰ ਪੁਲੀਸ ਉਲਟਾ ਪੀੜਤ ਨੂੰ ਪ੍ਰੇਸ਼ਾਨ ਕਰ ਰਹੀ ਹੈ।
ਐਸੋਸੀਏਸ਼ਨ ਦੇ ਅਹੁਦੇਦਾਰਾਂ ’ਚ ਸ਼ਾਮਲ ਸੁਰਜੀਤ ਸਿੰਘ ਢਿੱਲੋਂ, ਸੁਖਦਰਸ਼ਨ ਸ਼ਰਮਾ ਅਤੇ ਬਲਜਿੰਦਰ ਸਿੰਘ ਢਿੱਲੋਂ ਨੇ ਦੋਸ਼ ਲਾਏ ਕਿ ਇੱਥੇ ਜ਼ਿਲ੍ਹਾ ਕਚਹਿਰੀਆਂ ’ਚ ਉਨ੍ਹਾਂ ਦੇ ਸਹਿਕਰਮੀ ਤੇ ਬਾਰ ਦੇ ਸਾਬਕਾ ਸੰਯੁਕਤ ਸਕੱਤਰ ਵਕੀਲ ਯਸ਼ਪਿੰਦਰ ਪਾਲ ਸਿੰਘ ’ਤੇ ਲੰਘੀ 23 ਜਨਵਰੀ ਨੂੰ ਮੋਟਰਸਾਈਕਲ ’ਤੇ ਜਾਂਦਿਆਂ, ਨੈਸ਼ਨਲ ਫ਼ਰਟੀਲਾਈਜ਼ਰ ਲਿਮਟਿਡ ਦੇ ਗੇਟ ਨੰਬਰ ਇੱਕ ਨੇੜੇ ਚਿੱਟੇ ਰੰਗ ਦੀ ਕਾਰ ’ਚ ਸਵਾਰਾਂ ਵੱਲੋਂ ਫ਼ਾਇਰਿੰਗ ਕੀਤੀ ਗਈ ਸੀ, ਜਿਸ ਦੌਰਾਨ ਉਨ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਥਾਣਾ ਥਰਮਲ ਵਿੱਚ ਕੇਸ ਦਰਜ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਅਸਲ ਮੁਲਜ਼ਮ ਨੂੰ ਨਾਮਜ਼ਦ ਕਰਨ ਤੋਂ ਕਥਿਤ ਤੌਰ ’ਤੇ ਟਾਲਾ ਵੱਟ ਰਹੀ ਹੈ ਅਤੇ ਉਲਟਾ ਪੁਲੀਸ ਅਧਿਕਾਰੀਆਂ ਵੱਲੋਂ ਜ਼ਖ਼ਮੀ ਯਸ਼ਪਿੰਦਰ ਨਾਲ ਅਪਮਾਨਿਤ ਭਰਿਆ ਵਿਵਹਾਰ ਕਰ ਕੇ ਤੰਗ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯਸ਼ਪਿੰਦਰ ਦਾ ਨਿੱਜੀ ਹਿਫ਼ਾਜ਼ਤ ਲਈ ਰੱਖਿਆ ਅਸਲਾ ਅਤੇ ਮੋਬਾਈਲ ਫ਼ੋਨ ਵੀ ਪੁਲੀਸ ਨੇ ਜ਼ਬਤ ਕਰ ਲਿਆ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਤੇ ਵਕੀਲ ਨੂੰ ਕਥਿਤ ਤੌਰ ’ਤੇ ਧਮਕਾਉਣ ਵਾਲੇ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਬੇਮਿਆਦੀ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਇਸ ਘੋਲ ਨੂੰ ਸੂਬਾ ਪੱਧਰ ’ਤੇ ਲਿਜਾਇਆ ਜਾਵੇਗਾ।
ਇਸ ਮੌਕੇ ਅੰਮ੍ਰਿਤ ਗਿੱਲ, ਰਮਨਦੀਪ ਸਿੰਘ, ਰਣਜੀਤ ਜਲਾਲ, ਜਸਵੀਰ ਸਿੰਘ, ਕੰਵਲਜੀਤ ਕੁਟੀ, ਵਰਿੰਦਰ ਸ਼ਰਮਾ, ਰਾਜਨ ਗਰਗ, ਚਿਰੰਜੀ ਲਾਲ ਗਰਗ, ਜਗਮੀਤ ਸਿੰਘ ਸਿੱਧੂ, ਲਖਵਿੰਦਰ ਸਿੰਘ ਲੱਖਾ, ਅਮਿਤ ਅਨੇਜ ਅਤੇ ਸੂਰੀਆ ਸਿੰਗਲਾ ਹਾਜ਼ਰ ਸਨ। ਮੰਚ ਦਾ ਸੰਚਾਲਨ ਬਾਰ ਦੇ ਸਕੱਤਰ ਗੁਰਿੰਦਰ ਸਿੰਘ ਸਿੱਧੂ ਨੇ ਕੀਤਾ।