ਜੈਪਾਲਗੜ੍ਹ ’ਚ ਹੋਵੇਗਾ ਵਿਰਾਸਤੀ ਮੇਲੇ ਦਾ ਆਗਾਜ਼
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 20 ਫ਼ਰਵਰੀ
ਸੂਬਾ ਸਰਕਾਰ ਵੱਲੋਂ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਥੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿੱਚ 18ਵਾਂ ਵਿਰਾਸਤੀ ਮੇਲਾ 21, 22 ਅਤੇ 23 ਮਾਰਚ ਨੂੰ ਕਰਵਾਇਆ ਜਾਵੇਗਾ, ਜੋ ਸੁਤੰਤਰਤਾ ਸੰਗਰਾਮੀਆਂ ਨੂੰ ਸਮਰਪਿਤ ਹੋਵੇਗਾ। ਏਡੀਸੀ ਪੂਨਮ ਸਿੰਘ ਨੇ ਜੈਪਾਲਗੜ੍ਹ ਵਿੱਚ ਮੇਲੇ ਦੀਆਂ ਤਿਆਰੀਆਂ ਲਈ ਮਾਲਵਾ ਫਾਊਂਡੇਸ਼ਨ ਦੇ ਅਹੁਦੇਦਾਰਾਂ ਤੇ ਅਧਿਆਰੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਤਿਆਰੀਆਂ ਵਜੋਂ ਵਿਰਾਸਤੀ ਪਿੰਡ ਜੈਪਾਲਗੜ੍ਹ ਦੀ ਸਾਫ਼-ਸਫ਼ਾਈ, ਡਾਕਟਰੀ ਟੀਮਾਂ, ਪੀਣ ਵਾਲੇ ਪਾਣੀ, ਬੈਰੀਕੇਟਿੰਗ, ਨਿਰਵਿਘਨ ਬਿਜਲੀ ਸਪਲਾਈ ਤੋਂ ਇਲਾਵਾ ਟਰੈਫ਼ਿਕ ਸਬੰਧੀ ਸੁਚੱਜੇ ਪ੍ਰਬੰਧ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਫਾਊਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ 21 ਮਾਰਚ ਨੂੰ ਸਵੇਰੇ ਗੁਰੂਦੁਆਰਾ ਹਾਜੀ ਰਤਨ ਵਿੱਚ ਅਰਦਾਸ ਕਰਵਾਉਣ ਉਪਰੰਤ ਦਰਗਾਹ ’ਤੇ ਚਾਦਰ ਚੜ੍ਹਾਉਣ ਨਾਲ ਹੋਵੇਗੀ। ਫਿਰ ਵਿਰਾਸਤੀ ਕਾਫ਼ਲਾ ਕੱਢਿਆ ਜਾਵੇਗਾ, ਜਿਸ ਵਿੱਚ ਪੁਰਾਤਨ ਤੇ ਵਿਰਾਸਤੀ ਵਸਤਾਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਸ਼ਾਮਲ ਹੋਣਗੀਆਂ।ਇੱਥੇ ਵਿਰਾਸਤੀ ਪਿੰਡ ਦਾ ਉਦਘਾਟਨ ਕਰਨ ਮਗਰੋਂ ਮਲਵਈ ਗਿੱਧਾ ਅਤੇ ਪੰਜਾਬੀ ਗਾਇਕਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।