ਹੜ੍ਹਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ: ਸਿਮਰਨਜੀਤ ਸਿੰਘ ਮਾਨ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅੱਜ ਅਕਾਲੀ ਦਲ (ਅ) ਦੀਆਂ ਸਰਗਰਮੀਆਂ ਸਬੰਧੀ ਪਾਰਟੀ ਕਾਰਕੁਨਾਂ ਨਾਲ ਬੈਠਕ ਕਰਨ ਨਜ਼ਦੀਕੀ ਪਿੰਡ ਲੱਲੇ ਦੇ ਗੁਰਦੁਆਰਾ ਨੀਲਾ ਤਾਰਾ ਸਾਹਿਬ ਵਿਖੇ ਪੁੱਜੇ। ਇੱਥੇ ਉਨ੍ਹਾਂ ਪਾਰਟੀ ਦੇ ਵਿਸਥਾਰ ਲਈ ਵਿਚਾਰਾਂ ਅਤੇ ਨਵੀਂਆਂ ਨਿਯੁਕਤੀਆਂ ਕੀਤੀਆਂ।
ਸੁੂਬੇ ਅੰਦਰ ਹੜ੍ਹਾਂ ਦੀ ਗੰਭੀਰ ਸਥਿਤੀ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਕੇਂਦਰ ਅਤੇ ਪੰਜਾਬ ਸਰਕਾਰ ਦੀ ਲਾਪਰਵਾਹੀ ਦਾ ਨਤੀਜਾ ਹੈ। ਸਰਕਾਰ ਕੋਲ ਬਰਫ਼ਾਂ ਦੇ ਪਿਘਲਣ ਅਤੇ ਬਾਰਸ਼ਾਂ ਨਾਲ ਡੈਮਾਂ ਵਿੱਚ ਇਕੱਠੇ ਹੋਣ ਵਾਲੇ ਪਾਣੀ ਦਾ ਪੂਰਾ ਵੇਰਵਾ ਹੁੰਦਾ ਹੈ। ਉਸ ਪਾਣੀ ਦੀ ਸਮੇਂ-ਸਮੇਂ ’ਤੇ ਨਿਕਾਸੀ ਕੀਤੀ ਜਾਣੀ ਹੁੰਦੀ ਹੈ ਤਾਂ ਜੋ ਬਰਸਾਤੀ ਮੌਸਮ ਦੌਰਾਨ ਪਾਣੀ ਇਕੱਠਾ ਹੋ ਕੇ ਹੜ੍ਹਾਂ ਦਾ ਰੂਪ ਧਾਰਨ ਨਾ ਕਰੇ। ਕੇਂਦਰ ਸਰਕਾਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਰਣਜੀਤ ਸਾਗਰ ਡੈਮ ’ਤੇ ਪਾਣੀ ਇਕੱਠਾ ਕਰਕੇ ਛੱਡ ਦਿੱਤਾ। ਇਸੇ ਕਾਰਨ ਸੂਬੇ ਅੰਦਰ ਭਿਆਨਕ ਹੜ੍ਹ ਆਏ ਹਨ। ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫ਼ਸਲ ਅਤੇ ਪਸ਼ੂਆਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਗ਼ਰੀਬਾਂ ਦੇ ਮਕਾਨ ਢਹਿ ਗਏ ਹਨ। ਕੇਂਦਰ ਅਤੇ ਪੰਜਾਬ ਸਰਕਾਰ ਇਸ ਸਮੁੱਚੇ ਨੁਕਸਾਨ ਦੀ ਭਰਪਾਈ ਮੁਆਵਜ਼ੇ ਦੇ ਰੂਪ ਵਿੱਚ ਕਰੇ।