ਨਸ਼ਿਆਂ ਵਿਰੁੱਧ ਮੁਹਿੰਮ: ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਵੱਲੋਂ ਪਾਠ ਪੁਸਤਕ ਜਾਰੀ
ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਖ਼ਤਰੇ ਨੂੰ ਰੋਕਣ ਵੱਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਬਠਿੰਡਾ ਨੇ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਨਸ਼ਿਆਂ ਦੀ ਦੁਰਵਰਤੋਂ ਬਾਰੇ ਵਿਆਪਕ ਪਾਠ ਪੁਸਤਕ ਜਾਰੀ ਕੀਤੀ।
ਇਹ ਕਿਤਾਬ ਯੂਨੀਵਰਸਿਟੀ ਕੈਂਪਸ ਵਿੱਚ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਵੱਲੋਂ ਰਸਮੀ ਤੌਰ ’ਤੇ ਰਿਲੀਜ਼ ਕੀਤੀ ਗਈ। ਇਹ ਪੁਸਤਕ ਪ੍ਰੋ. ਅਸ਼ੀਸ਼ ਬਾਲਦੀ, ਰਾਮ ਕੁਮਾਰ ਮਹੇਸ਼ਵਰੀ ਅਤੇ ਡਾ. ਰੋਹਿਤ ਭਾਟੀਆ (ਚਿਤਕਾਰਾ ਯੂਨੀਵਰਸਿਟੀ) ਨੇ ਮਿਲ ਕੇ ਲਿਖੀ ਹੈ ਅਤੇ ਰੁਦਰਾਂਸ਼ ਬੁਕਸ ਪ੍ਰਾਈਵੇਟ ਲਿਮਿਟੇਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਕਿਤਾਬ ਦਾ ਉਦੇਸ਼ ਵਿਦਿਆਰਥੀਆਂ ਵਿੱਚ ਜਾਗਰੂਕਤਾ ਫੈਲਾਉਣਾ, ਵਿਗਿਆਨਕ ਦ੍ਰਿਸ਼ਟੀਕੋਣ ਪ੍ਰਦਾਨ ਕਰਨਾ ਅਤੇ ਨਸ਼ਿਆਂ ਦੇ ਵਿਸ਼ੇ ਸਬੰਧੀ ਅਕਾਦਮਿਕ ਪਾਠਕ੍ਰਮ ਨੂੰ ਮਜ਼ਬੂਤ ਕਰਨਾ ਹੈ।
ਪ੍ਰੋ. ਸ਼ਰਮਾ ਨੇ ਇਸ ਮੌਕੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਪੰਜਾਬ ਦੇ ਨੌਜਵਾਨਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਹ ਪੁਸਤਕ ਨਾ ਸਿਰਫ਼ ਇੱਕ ਅਕਾਦਮਿਕ ਸਰੋਤ ਸਗੋਂ ਨੀਤੀ ਨਿਰਮਾਤਾਵਾਂ, ਸਿੱਖਿਅਕਾਂ ਅਤੇ ਸਿਹਤ ਪੇਸ਼ੇਵਰਾਂ ਲਈ ਮਾਰਗਦਰਸ਼ਕ ਸਾਬਤ ਹੋਵੇਗੀ।
ਮੁੱਖ ਲੇਖਕ ਪ੍ਰੋ. ਅਸ਼ੀਸ਼ ਬਾਲਦੀ ਨੇ ਕਿਹਾ ਕਿ ਕਿਤਾਬ ਨਸ਼ਿਆਂ ਦੇ ਮੂਲ ਕਾਰਨਾਂ ਬੇਰੁਜ਼ਗਾਰੀ, ਸਾਥੀਆਂ ਦਾ ਦਬਾਅ ਅਤੇ ਸਮਾਜਿਕ-ਆਰਥਿਕ ਤਣਾਅ ਨੂੰ ਵਿਗਿਆਨਕ ਤੇ ਆਸਾਨ ਅੰਦਾਜ਼ ਵਿੱਚ ਪੇਸ਼ ਕਰਦੀ ਹੈ। ਸਹਿ-ਲੇਖਕ ਰਾਮ ਕੁਮਾਰ ਮਹੇਸ਼ਵਰੀ ਨੇ ਇਸਨੂੰ ਵਿਗਿਆਨਕ ਸਮਝ ਅਤੇ ਵਿਹਾਰਕ ਹੱਲਾਂ ਨਾਲ ਜੋੜਨ ਦੀ ਕੋਸ਼ਿਸ਼ ਦੱਸਿਆ।
ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ, ਪ੍ਰੋ. ਅਮਿਤ ਭਾਟੀਆ ਅਤੇ ਕਈ ਹੋਰ ਫੈਕਲਟੀ ਮੈਂਬਰਾਂ ਨੇ ਇਸ ਪਹਿਲ ਨੂੰ ਅਕਾਦਮਿਕ ਤੇ ਸਮਾਜਿਕ ਜ਼ਿੰਮੇਵਾਰੀ ਵਿੱਚ ਮੀਲ ਪੱਥਰ ਕਹਿੰਦੇ ਹੋਏ ਲੇਖਕਾਂ ਨੂੰ ਵਧਾਈ ਦਿੱਤੀ।