ਬਠਿੰਡਾ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ: ਭੱਲਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 25 ਫਰਵਰੀ
ਪੰਜਾਬ ਸਰਕਾਰ ਵੱਲੋਂ ਅੱਜ 20 ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਸੂਚੀ ਆਪਣੀ ਫੇਸਬੁੱਕ ਵਾਲ ’ਤੇ ਅਪਲੋਡ ਕੀਤੀ ਗਈ ਹੈ। ਇਨ੍ਹਾਂ ’ਚੋਂ ਕੁੱਝ ਬਿਲਕੁਲ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਅਤੇ ਅੱਧੀ ਦਰਜਨ ਚੇਅਰਮੈਨਾਂ ਨੂੰ ਹਟਾ ਕੇ, ਉਨ੍ਹਾਂ ਦੀ ਥਾਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਬਠਿੰਡਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੇ ਅਹੁਦੇ ’ਚ ਕੋਈ ਰੱਦੋਬਦਲ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਜਸਵੀਰ ਸਿੰਘ, ਆਂਚਲ ਸ਼ਰਮਾ ਅਤੇ ਨਿਮਰਤ ਕੌਰ ਨੂੰ ਟਰੱਸਟੀ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਭੱਲਾ ‘ਆਪ’ ਬਠਿੰਡਾ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਵੀ ਹਨ। ਉਨ੍ਹਾਂ ਚੇਅਰਮੈਨ ਵਜੋਂ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਆਂਦਾ। ਉਨ੍ਹਾਂ ਸ਼ਹਿਰ ਅੰਦਰ ਆਧੁਨਿਕ ਸੈਰਗਾਹ ਤੇ ਰਿਹਾਇਸ਼ੀ ਕਲੋਨੀਆਂ ਤੋਂ ਇਲਾਵਾ ਇੱਕ ਸਰਕਾਰੀ ਪੈਟਰੌਲ ਪੰਪ ਬਣਾਏ। ਸ੍ਰੀ ਭੱਲਾ ਨੇ ਉਨ੍ਹਾਂ ’ਤੇ ਮੁੜ ਭਰੋਸਾ ਪ੍ਰਗਟਾਉਣ ਲਈ ‘ਆਪ’ ਦੀ ਸਮੁੱਚੀ ਹਾਈਕਮਾਨ, ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ।