ਪੌਣੇ ਘੰਟੇ ਦੇ ਮੀਂਹ ਨਾਲ ਬਠਿੰਡਾ ਨੂੰ ਗੋਤਾ…
ਬਠਿੰਡਾ ਵਿੱਚ ਮੰਗਲਵਾਰ ਨੂੰ ਬਾਅਦ ਦੁਪਹਿਰ ਅਤੇ ਬੁੱਧਵਾਰ ਸਵੇਰੇ ਪਏ ਭਾਰੀ ਮੀਂਹ ਨੇ ਨਗਰ ਨਿਗਮ ਦੀ ਨਿਕਾਸੀ ਪ੍ਰਣਾਲੀ ਦੀ ਪੋਲ ਖੋਲ੍ਹ ਦਿੱਤੀ। ਇਸ ਦੌਰਾਨ ਬਠਿੰਡਾ ਦਾ ਵੀਆਈਪੀ ਐੱਸਐੱਸਪੀ, ਡੀਸੀ, ਆਈ.ਜੀ. ਦੀਆਂ ਕੋਠੀਆਂ ਵਾਲੇ ਖੇਤਰ ਸਮੇਤ ਜ਼ਿਲ੍ਹਾ ਕਚਹਿਰੀ, ਪਾਵਰ ਹਾਊਸ ਰੋਡ, ਗੋਨਿਆਣਾ ਰੋਡ, ਮਾਲ ਰੋਡ, ਸਿਰਕੀ ਬਾਜ਼ਾਰ ਅਤੇ ਪਰਸ ਰਾਮ ਨਗਰ ਮਾਲਵੀਆ ਨਗਰ, ਗਣੇਸ਼ ਬਸਤੀ, ਰਾਜੀਵ ਗਾਂਧੀ ਨਗਰਾਂ ਤੋਂ ਇਲਾਵਾ ਸ਼ਹਿਰ ਦੇ ਅੰਡਰ ਬੱਰਿਜਾਂ ਵਿਚ 4 ਤੋਂ 5 ਫੁੱਟ ਤੱਕ ਪਾਣੀ ਭਰ ਗਿਆ।
ਪੇਂਡੂ ਖੇਤਰ ਵਿਚ ਮੀਂਹ ਨੇ ਵੱਟ ਕੱਢੀ ਰੱਖੇ। ਪੇਂਡੂ ਖੇਤਰਾਂ ਵਿੱਚ ਸਵੇਰੇ ਤੜਕਸਾਰ ਪਏ ਮੀਂਹ ਨਾਲ ਝੋਨੇ ਦੇ ਖੇਤ ਨੱਕੋ ਨੱਕ ਭਰ ਗਏ। ਮੌਸਮ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ’ਤੇ ਸਪਰੇਅ ਨਾ ਕਰਨ ਦੀ ਸਲਾਹ ਦਿੱਤੀ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਖ਼ੇਤਰੀ ਕੈਂਪਸ ਤੋਂ ਮਿਲੀ ਰਿਪੋਰਟ ਮੁਤਾਬਕ ਬਠਿੰਡਾ ਵਿਚ ਅੱਜ ਸਵੇਰੇ 115 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਸ ਮੌਕੇ ਕਾਰਾਂ ਸਮੇਤ ਹਲਕੇ ਵਾਹਨ ਪਾਣੀ ਵਿੱਚ ਗੋਤੇ ਲਾਉਂਦੇ ਹੋਏ ਨਜ਼ਰ ਆਏ। ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪੁੱਜਣ ਲਈ ਭਾਰੀ ਮੁਸ਼ੱਕਤ ਕਰਨੀ ਪਈ ਤੇ ਸਕੂਲ ਜਾਣ ਵਾਲੇ ਬੱਚੇ ਵੀ ਮੀਂਹ ਦੇ ਪਾਣੀ ਵਿੱਚ ਫਸੇ ਰਹੇ।
ਗੌਰਤਲਬ ਹੈ ਕਿ ਪੰਜਾਬ ਦੇ ਸਭ ਤੋਂ ਸੋਹਣੇ ਸ਼ਹਿਰ ਦਾ ਖ਼ਿਤਾਬ ਜਿੱਤਣ ਵਾਲਾ ਬਠਿੰਡਾ ਸ਼ਹਿਰ ਇੱਕ ਵਾਰ ਫੇਰ ਝੀਲ ਦਾ ਰੂਪ ਧਾਰਨ ਕਰ ਗਿਆ। ਭਾਵੇਂ ਕੁਝ ਘੰਟਿਆਂ ਬਾਅਦ ਪਾਣੀ ਦਾ ਪੱਧਰ ਘੱਟ ਗਿਆ, ਪਰ ਬਠਿੰਡਾ ਵਾਸੀਆਂ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਪੰਜਾਬ ਵਿਚ ਸਰਕਾਰ ਨੀਲੀ ਰਹੀ ਹੋਵੇ ਜਾਂ ਚਿੱਟੀ ਜਾਂ ਹੁਣ ਬਸੰਤੀ, ਪਰ ਹਰ ਸਰਕਾਰ ਨੇ ਬਠਿੰਡਾ ਨੂੰ ਕੈਲੀਫੋਰਨੀਆ ਜਾਂ ਪੈਰਿਸ ਬਣਾਉਣ ਦੇ ਸੁਪਨੇ ਦਿਖਾਏ ਹਨ। ਬਠਿੰਡਾ ਨਗਰ ਨਿਗਮ ਵੱਲੋਂ ਸਾਲਾਨਾ ਸਫਾਈ ਅਤੇ ਡਰੇਨ ਨਿਕਾਸੀ ਲਈ ਕੀਤੇ ਜਾਂਦੇ ਦਾਅਵੇ ਸਿਰਫ਼ ਕਾਗਜ਼ੀ ਹੀ ਨਜ਼ਰ ਆ ਰਹੇ ਹਨ। ਬਠਿੰਡਾ ਦੇ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਖਸਤਾ ਹੋ ਚੁੱਕੀ ਹੈ। ਉਨ੍ਹਾਂ ਨੇ ਸੀਵਰੇਜ ਦੇ ਨਵੀਨੀਕਰਨ ਦੀ ਮੰਗ ਕੀਤੀ।