ਬਠਿੰਡਾ ਨਗਰ ਨਿਗਮ: ਸ਼ਾਮ ਲਾਲ ਜੈਨ ਸੀਨੀਅਰ ਡਿਪਟੀ ਮੇਅਰ ਬਣੇ
ਬਠਿੰਡਾ ਨਗਰ ਨਿਗਮ ਵਿੱਚ ਅੱਜ ਹੋਈ ਮੀਟਿੰਗ ਦੌਰਾਨ ਸ਼ਾਮ ਲਾਲ ਜੈਨ ਨੇ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ’ਤੇ ਕਬਜ਼ਾ ਜਮਾਉਂਦੇ ਹੋਏ ਬਾਜ਼ੀ ਮਾਰ ਲਈ। ਮੀਟਿੰਗ ’ਚ ਕੁੱਲ 42 ਕੌਂਸਲਰ ਹਾਜ਼ਰ ਸਨ, ਜਿਨ੍ਹਾਂ ਵਿੱਚੋਂ 30 ਕੌਂਸਲਰਾਂ ਨੇ ਸ਼ਾਮ ਲਾਲ ਜੈਨ ਦੇ ਹੱਕ ਵਿੱਚ ਵੋਟਾਂ ਪਾਈਆਂ।
ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਲੱਡੂ ਨੂੰ ਸਿਰਫ 12 ਵੋਟਾਂ ਹੀ ਮਿਲ ਸਕੀਆਂ। ਵੋਟਿੰਗ ਦੇ ਨਤੀਜੇ ਦੌਰਾਨ ਹਾਲਾਤ ਵੇਖਦਿਆਂ ਹਰਵਿੰਦਰ ਸਿੰਘ ਲੱਡੂ ਨੇ ਆਪਣਾ ਦਾਅਵਾ ਵਾਪਸ ਲਿਆ, ਜਿਸ ਤੋਂ ਬਾਅਦ ਸ਼ਾਮ ਲਾਲ ਜੈਨ ਨੂੰ ਸਰਬਸੰਮਤੀ ਨਾਲ ਸੀਨੀਅਰ ਡਿਪਟੀ ਮੇਅਰ ਚੁਣਿਆ ਗਿਆ।
ਮੀਟਿੰਗ ਦੌਰਾਨ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਤਿੰਨ ਸਮਰੱਥਕ ਕੌਂਸਲਰਾਂ ਦੀ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਬਣੀ ਰਹੀ। ਇਸ ਚੋਣ ’ਚ ਮਨਪ੍ਰੀਤ ਬਾਦਲ ਧੜੇ ਦੇ ਕੌਂਸਲਰਾਂ ਨੇ ਮਹਿਤਾ ਗਰੁੱਪ ਦੇ ਹੱਕ ਵਿੱਚ ਵੋਟਾਂ ਪਾ ਕੇ ਆਪਣਾ ਸਟੈਂਡ ਸਪੱਸ਼ਟ ਦਰਸਾ ਦਿੱਤਾ।
ਗੌਰਤਲਬ ਹੈ ਕਿ ਪਦਮਜੀਤ ਸਿੰਘ ਮਹਿਤਾ ਇਸ ਸਮੇਂ ਬਠਿੰਡਾ ਦੇ ਮੇਅਰ ਹਨ ਅਤੇ ਨਵੇਂ ਚੁਣੇ ਗਏ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਉਨ੍ਹਾਂ ਦੇ ਸਲਾਹਕਾਰ ਵਜੋਂ ਕਾਫ਼ੀ ਸਮੇਂ ਤੋਂ ਵਿਚਰਦੇ ਆ ਰਹੇ ਹਨ। ਇਸ ਨਤੀਜੇ ਤੋਂ ਬਾਅਦ ਨਗਰ ਨਿਗਮ ਦੀ ਰਾਜਨੀਤੀ ਵਿੱਚ ਮਹਿਤਾ ਗਰੁੱਪ ਦੀ ਮਜ਼ਬੂਤੀ ਹੋਰ ਵੱਧ ਗਈ ਹੈ।
