ਬਠਿੰਡਾ: ਗੁੰਡਾ ਅਨਸਰਾਂ ਨੇ ਘਰ ਨੂੰ ਮੁੜ ਅੱਗ ਲਾਈ
ਮਨੋਜ ਸ਼ਰਮਾ
ਬਠਿੰਡਾ, 12 ਜੂਨ
ਥਾਣਾ ਨੇਹੀਆਂ ਵਾਲਾ ਦੇ ਅਧੀਨ ਪੈਂਦੇ ਪਿੰਡ ਦਾਨ ਸਿੰਘ ਵਾਲਾ ਵਿਚ ਬੀਤੀ ਰਾਤ ਨੌਂ ਵਿਅਕਤੀਆਂ ਵੱਲੋਂ ਇੱਕ ਘਰ ਅੰਦਰ ਦਾਖਲ ਹੋ ਕੇ ਕੁੱਟਮਾਰ ਕਰਨ ਅਤੇ ਲਗਾਈ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸਪੀ ਜਸਮੀਤ ਸਿੰਘ ਬਠਿੰਡਾ ਨੇ ਦੱਸਿਆ ਕਿ ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਦਾਨ ਸਿੰਘ ਵਾਲਾ ਦੀ ਬਸਤੀ ਜੀਵਨ ਵਿਚ ਬੀਤੀ ਰਾਤ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਅਨੁਸਾਰ ਪਿੰਡ ਦੇ ਨੌਜਵਾਨ ਗੁੰਡਾ ਅਨਸਰਾਂ ਵੱਲੋਂ ਨਿਰਮਲ ਕੌਰ ਦੇ ਪੁੱਤਰ ਹਰਵਿੰਦਰ ਸਿੰਘ ਨਾਲ ਰੰਜਿਸ਼ ਤੇ ਚਲਦਿਆਂ ਤੇਜ਼ ਹਥਿਆਰਾਂ ਸਮੇਤ ਘਰ ਵਿਚ ਦਾਖਲ ਹੋਏ ਅਤੇ ਘਰ ਵਿਚ ਪਏ ਸਮਾਨ ਦੀ ਭੰਨ ਤੋੜ ਕੀਤੀ ਅਤੇ ਸੋਫੇ, ਮੰਜਿਆ ਨੂੰ ਅੱਗ ਲੱਗਾ ਦਿੱਤੀ।
ਥਾਣਾ ਨੇਹੀਆਂ ਵਾਲਾ ਦੇ ਐੱਸਐੱਚਓ ਅਮਰਿੰਦਰ ਸਿੰਘ ਨੇ ਦੱਸਿਆ ਕਿ ਨਿਰਮਲ ਕੌਰ ਪਤਨੀ ਇਕਬਾਲ ਸਿੰਘ ਦੇ ਬਿਆਨਾਂ ਤੇ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿਚ ਕਥਿਤ ਦੋਸ਼ੀ ਹੈਪੀ ਸਿੰਘ ਉਰਫ ਘੁੱਗਾ, ਰੇਸ਼ਮ ਸਿੰਘ,ਹਨੀ ਸਿੰਘ, ਪਿੰਕਾ ਸਿੰਘ ਸਮੇਤ 5 ਹੋਰ ਅਣਪਛਾਤੇ ਵਿਅਕਤੀਆਂ ਦਾ ਨਾਂ ਸ਼ਾਮਲ ਹੈ। ਚੇਤੇ ਰਹੇ ਕੁਝ ਮਹੀਨੇ ਪਹਿਲਾਂ ਉਕਤ ਪਿੰਡ ਵਿਚ ਦਰਜਨਾਂ ਘਰਾਂ ਨੂੰ ਅੱਗ ਲਾ ਦਿੱਤੀ ਸੀ। ਪਿੰਡ ਵਿਚ ਮੁੜ ਇਸੇ ਤਰ੍ਹਾਂ ਦੀ ਘਟਨਾ ਵਾਪਰਨ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।