ਨਰਮਾ ਚੁਗਣ ਜਾਂਦੇ ਖੇਤ ਮਜ਼ਦੂਰਾਂ ਦੀ ਪਿੱਕਅੱਪ ਜੀਪ ਨੂੰ ਟਰਾਲੇ ਨੇ ਮਾਰੀ ਟੱਕਰ
ਅੱਜ ਪਿੰਡ ਚਾਓਕੇ ਤੋਂ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਇੱਕ ਕਿਸਾਨ ਦੇ ਖੇਤ ਵਿੱਚ ਨਰਮਾ ਚੁਗਣ ਲਈ ਖੇਤ ਮਜ਼ਦੂਰਾਂ ਨੂੰ ਲਿਜਾ ਰਹੀ ਇੱਕ ਪਿੱਕਅੱਪ ਜੀਪ ਨੂੰ ਇੱਕ ਟਰਾਲੇ ਨਾਲ ਟੱਕਰ ਹੋ ਗਈ। ਜਿਸ ਵਿੱਚ ਕਰੀਬ ਛੇ ਖੇਤ ਮਜ਼ਦੂਰ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਹੈ। ਜਦੋਂਕਿ ਟਰਾਲੇ ਵਾਲਾ ਡਰਾਈਵਰ ਮੌਕੇ ਤੋਂ ਟਰਾਲੇ ਸਮੇਤ ਫ਼ਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਪਿੰਡ ਚਾਓਕੇ ਤੋਂ ਇੱਕ ਪਿੱਕਅੱਪ ਜੀਪ 15 ਦੇ ਕਰੀਬ ਖੇਤ ਮਜ਼ਦੂਰ ਔਰਤਾਂ ਤੇ ਮਰਦਾਂ ਨੂੰ ਤਲਵੰਡੀ ਸਾਬੋ ਦੇ ਨੇੜ੍ਹਲੇ ਪਿੰਡ ਮਲਕਾਣਾ ਦੇ ਇੱਕ ਕਿਸਾਨ ਦਾ ਨਰਮਾ ਚੁਗਣ ਲਈ ਲਿਜਾ ਰਹੀ ਸੀ। ਜਦੋਂ ਜੀਪ ਤਲਵੰਡੀ ਸਾਬੋ-ਮਲਕਾਣਾ ਰੋਡ ’ਤੇ ਅੱਗੇ ਜਾ ਰਹੇ ਇੱਕ ਟਰਾਲੇ ਘੋੜੇ ਨੂੰ ਪਾਸ ਕਰਨ ਲੱਗੀ ਤਾਂ ਅਚਾਨਕ ਟਰਾਲੇ ਨੇ ਜੀਪ ਨੂੰ ਫੇਟ ਮਾਰੀ ਤੇ ਉਹ ਬੇਕਾਬੂ ਹੋ ਕੇ ਨਾਲ ਲੱਗਦੇ ਖੇਤ ਵਿੱਚ ਪਲਟ ਗਈ। ਜਿਸ ਕਾਰਨ ਅੱਧੀ ਦਰਜ਼ਨ ਖੇਤ ਮਜ਼ਦੂਰ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਿੰਨ੍ਹਾਂ ਨੂੰ ਮੌਕੇ ’ਤੇ ਇਕੱਠੇ ਹੋਏ ਰਾਹਗੀਰਾਂ ਨੇ ਐਂਬਲੈਂਸਾਂ ਬੁਲਾ ਕੇ ਸਥਾਨਕ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ।
ਟਰਾਲੇ ਵਾਲਾ ਮੌਕੇ ਤੋਂ ਟਰਾਲਾ ਲੈ ਕੇ ਫ਼ਰਾਰ ਹੋ ਗਿਆ। ਇਸ ਹਾਦਸੇ ਦੌਰਾਨ ਜ਼ਖ਼ਮੀਆਂ ਵਿੱਚ ਰਾਜ ਕੌਰ(52) ਪਤਨੀ ਗੁਰਮੇਲ ਸਿੰਘ, ਪਰਮਜੀਤ ਕੌਰ (50) ਪਤਨੀ ਕਾਲਾ ਸਿੰਘ, ਬੰਟੀ ਕੌਰ(32) ਪਤਨੀ ਕਾਲਾ ਸਿੰਘ, ਬਲਜਿੰਦਰ ਕੌਰ(50) ਪਤਨੀ ਹਰਚੇਤ ਸਿੰਘ, ਮਨਜੀਤ ਕੌਰ (47) ਪਤਨੀ ਸੀਰਾ ਸਿੰਘ ਅਤੇ ਪਰਮਜੀਤ ਕੌਰ(45) ਪਤਨੀ ਸੀਰਾ ਸਿੰਘ ਸ਼ਾਮਲ ਸਨ। ਜੋ ਇਲਾਜ ਲਈ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।