ਬਲਾਕ ਘੱਲ ਖ਼ੁਰਦ ਦੇ 23 ਜ਼ੋਨਾਂ ਲਈ ਕੁੱਲ 69 ਉਮੀਦਵਾਰ ਚੋਣ ਮੈਦਾਨ 'ਚ
ਨਾਮਜ਼ਦਗੀਆਂ ਵਾਪਸ ਲੈਣ ਅਤੇ ਅਯੋਗ ਪਾਏ ਜਾਣ ਉਪਰੰਤ ਬਲਾਕ ਘੱਲ ਖ਼ੁਰਦ ਪੰਚਾਇਤ ਸਮਿਤੀ ਦੇ 23 ਜ਼ੋਨਾਂ ਲਈ ਕੁੱਲ 69 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਸਹਾਇਕ ਰਿਟਰਨਿੰਗ ਅਫ਼ਸਰ ਸੁਖਦੇਵ ਸਿੰਘ ਨੇ ਦੱਸਿਆ ਕਿ ਯੋਗ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।ਓਧਰ ਬਲਾਕ ਵਿੱਚ ਪੈਂਦੀਆਂ ਤਿੰਨ ਜ਼ਿਲ੍ਹਾ ਪਰਿਸ਼ਦ ਸੀਟਾਂ ਵਜੀਦਪੁਰ, ਸ਼ੇਰ ਖਾਂ ਅਤੇ ਫ਼ਿਰੋਜ਼ਸ਼ਾਹ ਤੋਂ ਕ੍ਰਮਵਾਰ 5, 5 ਅਤੇ 3 (ਕੁੱਲ 13) ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਇਸ ਬਲਾਕ ਵਿੱਚ ਪਰਿਸ਼ਦ ਤੇ ਸਮਿਤੀ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਤੇ ਅਪਰਾਧ ਦੀ ਦੁਨੀਆ ਤੋਂ ਸਮਾਜ ਸੇਵਾ ਰਾਹੀਂ ਰਾਜਨੀਤੀ ਵਿੱਚ ਆਏ ਤੇਜ਼ ਤਰਾਰ ਨੌਜਵਾਨ ਗੁਰਪ੍ਰੀਤ ਸਿੰਘ ਸੇਖੋਂ ਦੇ ਆਜ਼ਾਦ ਧੜੇ ਵਿਚਕਾਰ ਹੋਏ ਰਾਜਨੀਤਿਕ ਗੱਠਜੋੜ ਦੇ ਚਲਦੇ ਇੱਥੇ ਚੋਣ ਮੁਕਾਬਲਾ ਬੜਾ ਦਿਲਚਸਪ ਰਹਿਣ ਦੀ ਸੰਭਾਵਨਾ ਹੈ।
ਇੱਥੋਂ ਪੰਚਾਇਤ ਸਮਿਤੀ ਲਈ ਆਮ ਆਦਮੀ ਪਾਰਟੀ ਦੇ 19, ਆਜ਼ਾਦ 18, ਕਾਂਗਰਸ ਦੇ 17 ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕ੍ਰਮਵਾਰ ਸਿਰਫ਼ 8 ਅਤੇ 7 ਉਮੀਦਵਾਰ ਹੀ ਚੋਣ ਲੜ ਰਹੇ ਹਨ। ਦੋਹਾਂ ਪੰਚਾਇਤੀ ਸੰਸਥਾਵਾਂ ਲਈ ਵੋਟਾਂ 14 ਦਸੰਬਰ ਨੂੰ ਪੈਣਗੀਆਂ।
