ਹੜ੍ਹ ਪੀੜਤਾਂ ਨੂੰ ਮੁਆਵਜ਼ੇ ਲਈ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਭੇਜਿਆ
ਮੰਗ ਪੱਤਰ ਰਾਹੀਂ ਜ਼ੋਰ ਦਿੱਤਾ ਗਿਆ ਕਿ ਹੜ੍ਹਾਂ, ਬਦਲ ਫੱਟਣ ਅਤੇ ਭਾਰੀ ਬਾਰਸ਼ਾਂ ਕਾਰਨ ਪੰਜਾਬ ਸਮੇਤ ਕਈ ਰਾਜਾਂ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਇਸ ਲਈ ਇਸ ਨੂੰ ਕੌਮੀ ਆਫ਼ਤ ਘੋਸ਼ਿਤ ਕਰਕੇ ਕੌਮੀ ਆਫ਼ਤ ਫੰਡ ਜਾਰੀ ਕੀਤਾ ਜਾਵੇ। ਹੜ੍ਹ ਕਾਰਨ ਮਾਰੇ ਗਏ ਪਰਿਵਾਰਾਂ ਨੂੰ ਤੁਰੰਤ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਫਸਲਾਂ, ਘਰਾਂ, ਪਸ਼ੂਆਂ, ਦੁਕਾਨਾਂ ਅਤੇ ਹੋਰ ਨੁਕਸਾਨ ਦੀ 100 ਫ਼ੀਸਦੀ ਭਰਪਾਈ ਕੀਤੀ ਜਾਵੇ।
ਇਸ ਤੋਂ ਇਲਾਵਾ ਸੜਕਾਂ, ਸਕੂਲਾਂ, ਹਸਪਤਾਲਾਂ ਅਤੇ ਹੋਰ ਸਾਂਝੇ ਢਾਂਚਿਆਂ ਦੀ ਮੁੜ ਉਸਾਰੀ ਲਈ ਵੱਡੇ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ। ਹੜ੍ਹਾਂ ਨਾਲ ਪੈਦਾ ਹੋ ਸਕਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਤੁਰੰਤ ਉਪਰਾਲਿਆਂ ਦੀ ਲੋੜ ਨੂੰ ਵੀ ਉਜਾਗਰ ਕੀਤਾ ਗਿਆ। ਕਿਸਾਨ ਆਗੂਆਂ ਨੇ ਦਰਿਆਵਾਂ, ਡਰੇਨਾਂ ਅਤੇ ਫਲੱਡ ਗੇਟਾਂ ਦੀ ਅਣਗਹਿਲੀ ਲਈ ਸਿਆਸੀ ਤੇ ਪ੍ਰਸ਼ਾਸਕੀ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਕਰਨ ਦੀ ਵੀ ਮੰਗ ਕੀਤੀ।
ਇਸ ਮੌਕੇ ਹਰਜਿੰਦਰ ਸਿੰਘ, ਹਰਿੰਦਰ ਕੌਰ ਬਿੰਦੂ, ਕਰਮਜੀਤ ਕੌਰ ਲਹਿਰਾ ਖਾਨਾ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਅਵਤਾਰ ਸਿੰਘ ਭਗਤਾ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਦੂਜੇ ਪਾਸੇ, ਕਿਸਾਨ ਆਗੂਆਂ ਨੇ ਜੇਲ੍ਹ ਵਿੱਚ ਬੰਦ ਦੋ ਆਗੂਆਂ ਦੀ ਮੁਲਾਕਾਤ ਅਤੇ ਖੇਤੀਬਾੜੀ ਮੋਟਰਾਂ ਦੇ ਸਾਮਾਨ ਦੀਆਂ ਚੋਰੀਆਂ ਬਾਰੇ ਐਸ.ਐਸ.ਪੀ. ਦਫਤਰ ਵਿੱਚ ਵੀ ਮੀਟਿੰਗ ਕੀਤੀ ਜਿੱਥੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਨੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ।