ਕੋਹਲੀਆਂ ਨੇੜੇ ਆਰਜ਼ੀ ਬੰਨ੍ਹ ਲਾਉਣ ਦਾ ਕੰਮ ਜ਼ੋਰਾਂ ’ਤੇ
ਕਈ ਸਮਾਜਿਕ ਸੰਸਥਾਵਾਂ ਤਾਂ ਉੱਥੇ ਹੜ੍ਹ ਪੀੜਤਾਂ ਲਈ ਰੋਜ਼ਾਨਾ ਰੋਟੀ-ਪਾਣੀ ਲਈ ਰਾਸ਼ਨ ਭੇਜ ਰਹੀਆਂ ਹਨ। ਜਦ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਬੰਨ੍ਹ ਬਣਾਉਣ ਵਿੱਚ ਕਾਰ ਸੇਵਾ ਸ਼ੁਰੂ ਕਰਵਾਈ ਹੈ। ਉਹ ਜਦ ਵੀ ਸਮਾਂ ਮਿਲਦਾ ਹੈ, ਹਰ ਵੇਲੇ ਉੱਥੇ ਆ ਕੇ ਖੁਦ ਕੰਮ ਕਰਦੇ ਹਨ। ਉਨ੍ਹਾਂ ਨੂੰ ਦੇਖ ਕੇ ਹੋਰ ਬਹੁਤ ਸਾਰੇ ਨੌਜਵਾਨ ਵੀ ਉਤਸ਼ਾਹਿਤ ਹੁੰਦੇ ਹਨ ਤੇ ਉਹ ਵੀ ਤੇਜ਼ੀ ਨਾਲ ਬੰਨ੍ਹ ਬਣਾਉਣ ਵਿੱਚ ਜੁੱਟ ਜਾਂਦੇ ਹਨ।
ਅੱਜ ਮੌਕੇ ’ਤੇ ਜਾ ਕੇ ਦੇਖਿਆ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਾਲੰਟੀਅਰ ਕਾਫੀ ਸਰਗਰਮ ਸਨ ਤੇ ਉਹ ਬੰਨ੍ਹ ਬਣਾਉਣ ਦੀ ਕਾਰ ਸੇਵਾ ਵਿੱਚ ਲੱਗੇ ਹੋਏ ਸਨ। ਹੋਰ ਵੀ ਲੋਕ ਇਸ ਕੰਮ ਵਿੱਚ ਲੱਗੇ ਹੋਏ ਸਨ ਅਤੇ ਕਾਫੀ ਬੰਨ੍ਹ ਬਣਾ ਵੀ ਲਿਆ ਹੈ। ਡਰੇਨੇਜ਼ ਵਿਭਾਗ ਦੇ ਐਕਸੀਅਨ ਰਜਿੰਦਰ ਗੋਇਲ ਨੇ ਦੱਸਿਆ ਕਿ ਇਸ ਬੰਨ੍ਹ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕੁੱਝ ਹਿੱਸੇ ਵਿੱਚ ਡਰੇਨੇਜ਼ ਵਿਭਾਗ ਕੰਮ ਕਰਵਾ ਰਿਹਾ ਹੈ ਜਦਕਿ ਕੁਝ ਹਿੱਸੇ ਵਿੱਚ ਕਾਰ ਸੇਵਕਾਂ ਵੱਲੋਂ ਬੰਨ੍ਹ ਬਣਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਕੰਮ ਤਾਂ ਪਾਣੀ ਆਉਣ ਦੀ ਸੂਰਤ ਵਿੱਚ ਅਨੇਕਾਂ ਪਿੰਡਾਂ ਨੂੰ ਰੁੜਨ ਦੇ ਖਤਰੇ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਇਹ ਬੰਨ੍ਹ ਆਰਜ਼ੀ ਤੌਰ ’ਤੇ ਬਣਾਇਆ ਜਾ ਰਿਹਾ ਹੈ ਜਦ ਕਿ ਮੌਨਸੂਨ ਸੀਜ਼ਨ ਖਤਮ ਹੋਣ ਬਾਅਦ ਧੁੱਸੀ ਬੰਨ੍ਹ ਪੱਕੇ ਤੌਰ ’ਤੇ ਬਣਾਇਆ ਜਾਵੇਗਾ ਅਤੇ ਪੱਥਰਾਂ ਦੇ ਕਰੇਟ ਵੀ ਬੰਨ੍ਹੇ ਜਾਣਗੇ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਦੇ ਸਹਿਯੋਗ ਨਾਲ ਰਾਵੀ ਦੇ ਕਿਨਾਰੇ ਕੋਹਲੀਆਂ ਮੋੜ ਅਤੇ ਪਿੰਡ ਪੰਮਾ ਦੇ ਨਾਲ ਲੱਗਦੇ ਰਾਵੀ ਦੇ ਪਾਣੀ ਦੇ ਕਟਾਵ ਨੂੰ ਰੋਕਣ ਲਈ ਅਸਥਾਈ ਬੰਨ੍ਹ ਬਣਾਇਆ ਜਾ ਰਿਹਾ ਹੈ ਅਤੇ ਇਹ ਕੰਮ ਬਹੁਤ ਜਲਦੀ ਬਹੁਤ ਜਲਦੀ ਮੁਕੰਮਲ ਕਰ ਦਿੱਤਾ ਜਾਵੇਗਾ।