ਹੈਰੀਟੇਜ ਸਟਰੀਟ ਵਿਚਲੇ ਨਾਜਾਇਜ਼ ਕਬਜ਼ਾਕਾਰਾਂ ਨੂੰ ਚਿਤਾਵਨੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਜੁਲਾਈ
ਸ਼ਹਿਰ ਦੀਆਂ ਸੜਕਾਂ ਨੂੰ ਸਾਫ ਰੱਖਣ ਲਈ ਵੱਖ-ਵੱਖ ਅਧਿਕਾਰੀਆਂ ਵੱਲੋਂ ਅਡਾਪਟ ਕੀਤੀਆਂ ਗਈਆਂ ਸੜਕਾਂ ਵਿੱਚੋਂ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਦੀ ਸਾਂਭ ਸੰਭਾਲ ਦਾ ਜ਼ਿੰਮਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਿਆ ਹੈ। ਅੱਜ ਉਨ੍ਹਾਂ ਨੇ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਇਲਾਕੇ ਵਿੱਚ ਸੰਗਤ ਦੀ ਆਮਦ ਨੂੰ ਸੁਖਾਲਾ ਕਰਨ ਲਈ ਦੁਕਾਨਦਾਰਾਂ ਵੱਲੋਂ ਕੀਤੇ ਨਾਜ਼ਾਇਜ਼ ਕਬਜ਼ੇ ਹਟਾਉਣ ਅਤੇ ਇੱਥੇ ਵਰਤੀ ਜਾਂਦੀ ਪਲਾਸਟਿਕ ਨੂੰ ਰੋਕਣ ਲਈ ਦੁਕਾਨਦਾਰਾਂ ਨੂੰ ਇੱਕ ਹਫਤੇ ਦਾ ਸਮਾਂ ਦਿੰਦਿਆ ਕਿਹਾ ਕਿ ਵਿਭਾਗ ਵੱਲੋਂ ਇਸ ਸਮਾਂ ਸੀਮਾ ਤੋਂ ਬਾਅਦ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪੁਰਾਣੀ ਸਬਜ਼ੀ ਮੰਡੀ ’ਚ ਪਏ ਮਲਬੇ ਨੂੰ ਸਾਫ ਕਰਵਾ ਕੇ ਉੱਥੇ ਪਾਰਕਿੰਗ ਲਈ ਥਾਂ ਬਣਾਉਣ, ਹੈਰੀਟੇਜ ਸਟ੍ਰੀਟ ਵਿੱਚ ਬਣੇ ਬੁੱਤਾਂ ਦੇ ਕੋਲੋਂ ਕੂੜਾਦਾਨ ਹਟਉਣ ਅਤੇ ਨਵੇਂ ਕੂੜਾਦਾਨ ਹੱਟ ਕੇ ਲਗਾਉਣ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਅਗਰਸੇਨ ਮੰਦਿਰ ਦੀ ਕਮੇਟੀ ਨੂੰ ਸਫ਼ਾਈ ਅਤੇ ਹੋਰ ਮੁੱਦਿਆਂ ਤੇ ਨਾਲ ਲੈਣ, ਧਰਮ ਸਿੰਘ ਮਾਰਕੀਟ ਦੇ ਬਾਹਰ ਫਾਊਂਟੇਨ ਜਾਂ ਹੋਰ ਕੋਈ ਵਧੀਆ ਢਾਂਚਾ ਤਿਆਰ ਕਰਨ, ਟਾਊਨ ਹਾਲ ਵਿੱਚ ਬਣੇ ਬਾਗ ਦੀ ਸਫ਼ਾਈ ਰੱਖਣ ਅਤੇ ਵਾਟਰ ਏਟੀਐੱਮ ਲਗਾਤਾਰ ਚਾਲੂ ਕਰਨ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਜਲ੍ਹਿਆਂਵਾਲਾ ਬਾਗ ਵਿੱਚ ਰੇਨਵਾਟਰ ਹਾਰਵੈਸਟ ਬਣਾਉਣ ਅਤੇ ਬਾਗ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਪੁਰਾਤਤਵ ਵਿਭਾਗ ਕੋਲੋਂ ਅਗਵਾਈ ਲੈਣ ਲਈ ਵੀ ਨਿਗਮ ਅਧਿਕਾਰੀਆਂ ਨੂੰ ਕਿਹਾ। ਇਸ ਮੌਕੇ ਐੱਸਪੀ ਅਮਨਦੀਪ ਕੌਰ, ਜ਼ਿਲ੍ਹਾ ਸਿਹਤ ਅਫਸਰ ਡਾਕਟਰ ਕਿਰਨ, ਸੈਰ ਸਪਾਟਾ ਵਿਭਾਗ ਦੇ ਅਧਿਕਾਰੀ ਸੁਖਮਨਦੀਪ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।