ਯੁੱਧ ਨਸ਼ਿਆਂ ਵਿਰੁੱਧ: ਅਪਰੇਸ਼ਨ ਕਾਸੋ ਤਹਿਤ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਬਰਾਮਦ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 1 ਜੁਲਾਈ
ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਬੀਤੇ ਕੱਲ੍ਹ ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਜੰਡਿਆਲਾ ਗੁਰੂ ਪੁਲੀਸ ਵੱਲੋਂ ਸਥਾਨਕ ਵੱਖ-ਵੱਖ ਜਗ੍ਹਾ ਉੱਪਰ ਛਾਪੇ ਮਾਰੇ ਗਏ। ਇਸ ਛਾਪੇਮਾਰੀ ਦੌਰਾਨ ਜੰਡਿਆਲਾ ਗੁਰੂ ਪੁਲੀਸ ਨੂੰ ਵੱਡੀ ਮਾਤਰਾ ਵਿੱਚ ਹੈਰੋਇਨ, ਨਸ਼ੀਲੀਆਂ ਗੋਲੀਆਂ, ਕੈਪਸੂਲ, ਮੋਟਰਸਾਈਕਲ ਬਰਾਮਦ ਹੋਏ ਹਨ ਅਤੇ ਅੱਠ ਵਿਅਕਤੀਆਂ ਨੂੰ ਇਨ੍ਹਾਂ ਵੱਖ-ਵੱਖ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਦੋ ਵਿਅਕਤੀ ਕਾਬੂ ਕੀਤੇ ਗਏ। ਇਸ ਸਬੰਧੀ ਡੀਐਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਪਰੇਸ਼ਨ ਤਹਿਤ ਪੁਲੀਸ ਵੱਲੋਂ 268 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਤੇ ਦੋ ਵਿਅਕਤੀ ਕਾਬੂ ਕੀਤੇ ਗਏ ਹਨ। ਇਸ ਦੇ ਨਾਲ ਹੀ ਨਜ਼ਦੀਕੀ ਪਿੰਡ ਬੰਡਾਲਾ ਵਿਖੇ ਸੀਆਈਏ ਸਟਾਫ ਦੀ ਮਦਦ ਨਾਲ ਕੀਤੀ ਕਾਰਵਾਈ ਵਿੱਚ 10 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ 1 ਹਜ਼ਾਰ ਨਸ਼ੀਲੇ ਕੈਪਸੂਲ ਤੇ ਤਿੰਨ ਵਿਅਕਤੀ ਕਾਬੂ ਕੀਤੇ ਗਏ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਡੀਐਸਪੀ ਨੇ ਦੱਸਿਆ ਕੱਲ ਹੀ ਇੱਕ ਵਿਅਕਤੀ ਪਾਸੋਂ ਤਿੰਨ ਲੁਟੇਰਿਆਂ ਨੇ ਮੋਬਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਪੁਲੀਸ ਨੇ ਕਾਬੂ ਕਰ ਲਿਆ ਅਤੇ ਉਸ ਪਾਸੋਂ ਮੋਬਾਈਲ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਜਦੋਂ ਕਿ ਬਾਕੀ ਦੋ ਭੱਜਣ ਵਿੱਚ ਕਾਮਯਾਬ ਹੋ ਗਏ। ਡੀਐਸਪੀ ਨੇ ਜੰਡਿਆਲਾ ਦੇ ਵਪਾਰੀਆਂ ਨੂੰ ਆ ਰਹੀਆਂ ਫਿਰੌਤੀ ਦੀਆਂ ਕਾਲਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਸਾਰਾ ਮਸਲਾ ਹੱਲ ਹੋ ਗਿਆ ਹੈ ਅਤੇ ਇਸ ਵਿੱਚ ਸਿਰਫ ਦੋ ਵਿਅਕਤੀ ਕਾਬੂ ਕਰਨ ਵਾਲੇ ਰਹਿ ਗਏ ਹਨ ਬਾਕੀ ਸਾਰਾ ਮਸਲਾ ਜੰਡਿਆਲਾ ਪੁਲੀਸ ਵੱਲੋਂ ਹੱਲ ਕਰ ਲਿਆ ਗਿਆ ਹੈ।