ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਜੀਲੈਂਸ ਵੱਲੋਂ ਰਿਸ਼ਵਤ ਮਾਮਲੇ ’ਚ ਬਟਾਲਾ ਦਾ ਐੱਸਡੀਐੱਮ ਗ੍ਰਿਫ਼ਤਾਰ 

ਵਿਜੀਲੈਂਸ ਦੀ ਟੀਮ ਨੇ ਬਟਾਲਾ ਦੇ ਐੱਸਡੀਐੱਮ-ਕਮ-ਨਗਰ ਨਿਗਮ ਕਮਿਸ਼ਨਰ  ਵਿਕਰਮਜੀਤ ਸਿੰਘ ਪਾਂਥੇ ਨੂੰ ਬੀਤੀ ਦੇਰ ਸ਼ਾਮ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਇਥੋਂ ਦੇ ਬੀਕੋ ਕੰਪਲੈਕਸ ਦੇ ਵਸਨੀਕ ਅਮਰਪਾਲ ਸਿੰਘ ਦੀ ਸ਼ਿਕਾਇਤ ’ਤੇ ਇਹ...
Advertisement
ਵਿਜੀਲੈਂਸ ਦੀ ਟੀਮ ਨੇ ਬਟਾਲਾ ਦੇ ਐੱਸਡੀਐੱਮ-ਕਮ-ਨਗਰ ਨਿਗਮ ਕਮਿਸ਼ਨਰ  ਵਿਕਰਮਜੀਤ ਸਿੰਘ ਪਾਂਥੇ ਨੂੰ ਬੀਤੀ ਦੇਰ ਸ਼ਾਮ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਇਥੋਂ ਦੇ ਬੀਕੋ ਕੰਪਲੈਕਸ ਦੇ ਵਸਨੀਕ ਅਮਰਪਾਲ ਸਿੰਘ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕਰਦਿਆਂ ਐੱਸਡੀਐੱਮ ਦੀ ਰਿਹਾਇਸ਼ ’ਤੇ ਰੇਡ ਕੀਤੀ ਤਾਂ ਉੱਥੋਂ 13 ਲੱਖ ਰੁਪਏ ਤੋਂ ਵੱਧ ਰਕਮ ਸਮੇਤ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਨ੍ਹਾਂ ਵੱਲੋਂ ਨਿਗਮ ਅਧੀਨ ਆਉਂਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਗਈ ਸੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਰੌਸ਼ਨੀ ਤੇ ਆਵਾਜ਼ ਪ੍ਰੋਗਰਾਮ ਮੌਕੇ ਸ਼ਿਕਾਇਤਕਰਤਾ ਦੇ ਕੈਮਰਿਆਂ ਦੇ ਬਿੱਲ ਦਾ ਭੁਗਤਾਨ ਵੀ ਸ਼ਾਮਿਲ ਹੈ। ਇਹ ਬਿੱਲਾਂ ਦੀ ਰਾਸ਼ੀ 5 ਲੱਖ 54 ਹਜ਼ਾਰ 395 ਰੁਪਏ ਬਣਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਹ ਬਿੱਲਾਂ ਦੇ ਭੁਗਤਾਨ ਲਈ ਨਿਗਮ ਕਮਿਸ਼ਨਰ ਵਿਕਰਮਜੀਤ ਪਾਂਥੇ ਕੋਲ ਗਿਆ ਤਾਂ  ਉਨ੍ਹਾਂ ਦਸ ਫ਼ੀਸਦੀ ਦੀ ਮੰਗ ਕਰਦਿਆਂ ਐੱਸਡੀਓ ਰੋਹਿਤ ਉੱਪਲ ਨੂੰ ਮਿਲਣ ਲਈ ਕਿਹਾ। ਚਰਚਾ ਹੈ ਕਿ ਕਮਿਸ਼ਨਰ ਵੱਲੋਂ ਉੱਪਲ ਨੂੰ ਐੱਸਡੀਓ ਦਾ ਰੁਤਬਾ ਵੀ ਖੁਦ ਹੀ ਦਿੱਤਾ ਸੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉੱਪਲ ਕੋਲ ਗਿਆ ਤਾਂ ਉਸ ਨੂੰ ਦਸ ਤੋਂ ਨੌਂ ਫੀਸਦੀ ਕਮਿਸ਼ਨ ਦੇਣ ਅਤੇ ਕਮਿਸ਼ਨਰ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਣ ਵਰਗੇ ਸ਼ਬਦ ਬੋਲੇ ਗਏ।
ਵਿਜੀਲੈਂਸ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਨੂੰ ਪੰਜਾਹ ਹਜ਼ਾਰ ਰੁਪਏ ਦਿੱਤੇ। ਜਦੋਂ ਇਹ ਰਕਮ ਸ਼ਿਕਾਇਤਕਰਤਾ ਅਮਰਪਾਲ ਸਿੰਘ ਨੇ ਐਸਡੀਐਮ ਕਮ ਨਗਰ ਨਿਗਮ ਕਮਿਸ਼ਨਰ ਪਾਂਥੇ ਨੂੰ ਦਿੱਤੀ ਗਈ ਤਾਂ ਵਿਜੀਲੈਂਸ ਨੇ ਉਨ੍ਹਾਂ ਦੀ ਰਿਹਾਇਸ਼’ਤੇ ਸ਼ੁੱਕਰਵਾਰ ਰਾਤ ਕਰੀਬ ਸਾਢੇ ਨੌ ਵਜੇ ਦੇ ਰੇਡ ਕਰ ਦਿੱਤੀ।
ਇਸ ਦੌਰਾਨ ਵਿਜੀਲੈਂਸ ਟੀਮ ਪਾਂਥੇ ਨੂੰ ਗ੍ਰਿਫ਼ਤਾਰ ਕਰ ਕੇ ਆਪਣੇ ਨਾਲ ਲੈ ਗਈ। ਸਥਾਨਕ ਸੂਤਰਾਂ ਦਾ ਮੰਨਣਾ ਹੈ ਕਿ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਨਿਰਪੱਖ ਜਾਂਚ ਕੀਤੀ ਤਾਂ ਇਸ ਮਾਮਲੇ ਵਿੱਚ ਕਈ ਹੋਰ ਹੈਰਾਨੀਜਨਕ ਤੱਥਾਂ ਦੇ ਜਿੱਥੇ ਖੁਲਾਸੇ ਹੋ ਸਕਦੇ ਹਨ। ਇਸ ਦੇ ਨਾਲ ਹੀ ਨਿਗਮ ਦੇ ਹੋਰ ਅਧਿਕਾਰੀ ਵੀ ਇਸ ਮਾਮਲੇ ਦੀ ਗ੍ਰਿਫਤ ’ਚ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Advertisement
Show comments