ਸਰਹੱਦ ਤੋਂ ਤਿੰਨ ਕਿੱਲੋ ਆਈਸ ਡਰੱਗ ਤੇ ਹੈਰੋਇਨ ਬਰਾਮਦ
ਬੀਐਸਐਫ ਨੇ ਸਰਹੱਦ ਤੋਂ ਨਸ਼ੀਲਾ ਪਦਾਰਥ ਆਈਸ ਡਰੱਗ ਅਤੇ ਹੈਰੋਇਨ ਸਮੇਤ ਡਰੋਨ ਬਰਾਮਦ ਕੀਤਾ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਨੇ ਅੱਜ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸਰਹੱਦੀ ਖੇਤਰ ਵਿੱਚ ਦੋ ਵੱਖ ਵੱਖ ਘਟਨਾਵਾਂ ਵਿੱਚ ਆਈਸ ਡਰੱਗ ਦੀ ਵੱਡੀ ਖੇਪ ਅਤੇ ਹੈਰੋਇਨ ਸਮੇਤ ਇੱਕ ਡਰੋਨ ਬਰਾਮਦ ਕੀਤਾ ਹੈ।
ਉਹਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਪਿੰਡ ਬੁਰਜ ਨੇੜੇ ਇੱਕ ਖੇਤਰ ਵਿੱਚੋਂ ਇੱਕ ਵੱਡਾ ਪੈਕੇਟ ਬਰਾਮਦ ਹੋਇਆ, ਜਿਸ ਵਿੱਚ ਤਿੰਨ ਕਿਲੋ 165 ਗ੍ਰਾਮ ਆਈਸ ਡਰੱਗ ਬਰਾਮਦ ਹੋਇਆ। ਇਹ ਕਾਰਵਾਈ ਇੱਕ ਖਾਸ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਬੀਐਸਐਫ ਵੱਲੋਂ ਇਸ ਖੇਤਰ ਵਿੱਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਤਹਿਤ ਪਿੰਡ ਬੁਰਜ ਦੇ ਨੇੜੇ ਇਲਾਕੇ ਵਿੱਚੋਂ ਇਹ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ ਹੈ।
ਉਹਨਾਂ ਦੱਸਿਆ ਕਿ ਦੂਸਰੀ ਘਟਨਾ ਵਿੱਚ ਬੀਐਸਐਫ ਵੱਲੋਂ ਪੰਜਾਬ ਪੁਲੀਸ ਦੇ ਸਹਿਯੋਗ ਨਾਲ ਤਰਨ ਤਾਰਨ ਦੇ ਪਿੰਡ ਡਲ ਦੇ ਨੇੜੇ ਲੱਗਦੇ ਇੱਕ ਖੇਤ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਹੈ। ਉਸ ਦੇ ਨਾਲ ਇੱਕ ਪੈਕੇਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚੋਂ 580 ਗਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਡਰੋਨ ਡੀਜੀਆਈ ਮੈਵਿਕ ਚਾਰ ਪ੍ਰੋ ਕਿਸਮ ਦਾ ਹੈ। ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਇਸ ਘਟਨਾ ਨੂੰ ਬੀਐਸਐਫ ਦੇ ਚੌਕਸ ਜਵਾਨਾਂ ਨੇ ਨਾਕਾਮ ਕਰ ਦਿੱਤਾ ਹੈ।